ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਸਰਵੋਤਮ ਪੁਲਿਸ ਅਫਸਰ ੨੦੧੭ ਐਵਾਰਡ ਨਾਲ ਸਨਮਾਨਿਤ

ਮੈਰੀਲੈਂਡ (ਰਾਜ ਗੋਗਨਾ) – ਸਿੱਖ ਅਮਰੀਕਾ ਵਿੱਚ ਕਈ ਮਹਿਕਮਿਆਂ ਵਿੱਚ ਅਹਿਮ ਅਹੁਦਿਆਂ ਤੇ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ। ਪਰ ਬਲਵਿੰਦਰ ਸਿੰਘ ਬੇਦੀ ਜਿਸ ਨੇ ਜੇਲ੍ਹ ਪੁਲਿਸ ਵਿੱਚ ਆਪਣੀ ਨੌਕਰੀ ਬਤੌਰ ਕਾਂਸਟੇਬਲ ਸ਼ੁਰੂ ਕੀਤੀ। ਉਸ ਵਲੋਂ ਜੇਲ੍ਹ ਵਿੱਚ ਅਜਿਹੇ ਮਸਲੇ ਹੱਲ ਕੀਤੇ ਜਿਸ ਨੂੰ ਦੂਸਰੇ ਪੁਲਿਸ ਅਫਸਰ ਵੇਖ ਕੇ ਹੈਰਾਨ ਰਹਿ ਜਾਂਦੇ ਸਨ। ਪੰਜ ਸੌ ਦੀ ਪੁਲਿਸ ਨਫਰੀ ਵਿੱਚ ਇੱਕੋ ਇੱਕ ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਹੈ। ਜਿਸ ਦੀਆਂ ਕਾਰਗੁਜ਼ਾਰੀਆਂ ਨੂੰ ਵੇਖਦੇ ਹੋਏ ਉਸਨੂੰ ਇਸ ਸਾਲ ਦਾ ਸਰਵੋਤਮ ਪੁਲਿਸ ਅਫਸਰ ਐਲਾਨਿਆ ਗਿਆ ਹੈ। ਜੋ ਸਿੱਖ ਕਮਿਊਨਿਟੀ ਲਈ ਫਖਰ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਬੇਦੀ ਨੂੰ ਸਰਵੋਤਮ ਪੁਲਿਸ ਅਫਸਰ ਦਾ ਖਿਤਾਬ ਮੈਰੀਲੈਂਡ ਦੇ ਕਮਿਸ਼ਨਰ ਵਲੋਂ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਦਾਨ ਕੀਤਾ ਗਿਆ। ਜਿਉਂ ਹੀ ਬਲਵਿੰਦਰ ਸਿੰਘ ਬੇਦੀ ਇਹ ਐਵਾਰਡ ਪ੍ਰਾਪਤ ਕਰਨ ਸਟੇਜ ਤੇ ਪਹੁੰਚੇ ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਉਸ ਦੀ ਅਵਾਰਡ ਪ੍ਰਾਪਤੀ ਲਈ ਵਧਾਈ ਦਾ ਪਾਤਰ ਬਣਿਆ। ਸੰਖੇਪ ਟੈਲੀਫੋਨ ਮਿਲਣੀ ਰਾਹੀਂ ਬੇਦੀ ਸਾਹਿਬ ਨੇ ਦੱਸਿਆ ਕਿ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਉਸਨੂੰ ਦ੍ਰਿੜ ਇਰਾਦਾ ਬਖਸ਼ਿਆ ਹੈ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ਵਿੱਚ ਉਨ੍ਹਾਂ ਖਿੜੇ ਮੱਥੇ ਹਰ ਕੰਮ ਨੂੰ ਸਵੀਕਾਰਦੇ ਹੋਏ ਕਾਮਯਾਬੀ ਪ੍ਰਾਪਤ ਕੀਤੀ ਹੈ। ਜਿੱਥੇ ਜੇਲ੍ਹ ਵਿੱਚ ਕੈਦੀ ਵੀ ਉਨ੍ਹਾਂ ਨੂੰ ਅਥਾਹ ਸਤਿਕਾਰਦੇ ਹਨ।ਉੱਥੇ ਪੁਲਿਸ ਅਫਸਰ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਤੇ ਪ੍ਰਭਾਵਤਿ ਰਹੇ ਹਨ।ਜਿਸ ਕਰਕੇ ੨੦੧੭ ਦਾ ਸਰਵੋਤਮ ਐਵਾਰਡ ਉਨ੍ਹਾਂ ਨੂੰ ਦਿੱਤਾ ਗਿਆ ਹੈ। ਜੋ ਮੈਰੀਲੈਂਡ ਸਟੇਟ ਲਈ ਵੀ ਫਖਰ ਵਾਲੀ ਗੱਲ ਹੈ। ਬਲਵਿੰਦਰ ਸਿੰਘ ਬੇਦੀ ਦੀਆਂ ਕਾਰਗੁਜ਼ਾਰੀਆਂ ਨੂੰ ਵੇਖਦੇ ਹੋਏ ਦੂਸਰੇ ਸਹਿਯੋਗੀ ਅਫਸਰਾਂ ਦੇ ਹੌਂਸਲੇ ਵੀ ਬੁਲੰਦ ਹੋ ਗਏ ਹਨ।
ਸਥਾਨਕ ਸਿੱਖ ਭਾਈਚਾਰਾ ਬਲਵਿੰਦਰ ਸਿੰਘ ਬੇਦੀ ਨੂੰ ਵਧਾਈਆ ਦੇ ਰਿਹਾ ਹੈ। ਉੱਥੇ ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ, ਬਲਜਿੰਦਰ ਸਿੰਘ ਸ਼ੰਮੀ ਬੀ ਜੇ ਪੀ ਨੇਤਾ ਮੈਰੀਲੈਂਡ, ਸਾਜਿਦ ਤਰਾਰ ਚੇਅਰਮੈਨ ਟਰੰਪ ਡਾਇਵਰਸਿਟੀ ਕੁਲੀਸ਼ਨ ਗਰੁੱਪ ਮੈਰੀਲੈਂਡ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਵਲੋਂ ਬੇਦੀ ਸਾਹਿਬ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉੱਥੇ ਉਨ੍ਹਾਂ ਨੂੰ ਸਿੱਖਸ ਆਫ ਅਮਰੀਕਾ ਵਲੋਂ ਚਾਰ ਜੁਲਾਈ ੨੦੧੭ ਦੀ ਵਸ਼ਿੰਗਟਨ ਡੀ. ਸੀ. ਪਰੇਡ ਵਿੱਚ ਸ਼ਾਮਲ ਹੋਣ ਲਈ ਨਿਮੰਤਰਨ ਵੀ ਦਿੱਤਾ ਗਿਆ ਹੈ। ਤਾਂ ਜੋ ਅਮਰੀਕਨ ਕਮਿਊਨਿਟੀ ਨੂੰ ਪਤਾ ਚੱਲ ਸਕੇ ਸਿੱਖ ਮਿਹਨਤੀ ਅਤੇ ਕਾਰਜਸ਼ੀਲ ਦੇ ਨਾਲ ਨਾਲ ਡਿਊਟੀ ਪਸੰਦ ਵੀ ਹਨ। ਜੋ ਹਰੇਕ ਖੇਤਰ ਵਿੱਚ ਅਥਾਹ ਯੋਗਦਾਨ ਪਾਉਣ ਦੇ ਨਾਲ ਨਾਲ ਵਧੀਆ ਕਾਰਗੁਜ਼ਾਰੀ ਵਜੋਂ ਮੱਲਾਂ ਵੀ ਮਾਰਦੇ ਹਨ।
ਸਮੂਹ ਮੈਟਰੋ ਏਰੀਆ ਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਬਲਵਿੰਦਰ ਸਿੰਘ ਬੇਦੀ ਦੀ ਪ੍ਰਾਪਤੀ ਨਾਲ ਫਖਰ ਮਹਿਸੂਸ ਕਰਦਾ ਹੈ ਅਤੇ ਅਰਦਾਸ ਕਰਦਾ ਹੈ ਕਿ ਸਾਡਾ ਇਹ ਅਫਸਰ ਦਿਨ-ਦੁੱਗਣੀ ਰਾਤ ਚੌਗੁਣੀ ਹੋਰ ਤਰੱਕੀ ਕਰੇ।ਅਵਾਰਡ ਪ੍ਰਾਪਤੀ ਸਮੇਂ ਪੁਲਿਸ ਅਫਸਰ ਬਲਵਿੰਦਰ ਸਿੰਘ ਬੇਦੀ ਦੇ ਪਰੀਵਾਰ ਮੈਂਬਰ ਵੀ ਸ਼ਾਮਲ ਸਨ। ਉਨਾ ਦੀ ਬੇਟੀ ਸਿਮਰ ਤੇ ਉਨਾ ਦੀ ਹਮ ਸਫਰ ਐਡਰਾ ਨੇ ਕਿਹਾ ਕਿ ਬੇਦੀ ਸਾਹਿਬ ਜਿੱਥੇ ਵੀ ਰਹੇ ਜੋ ਵੀ ਕੰਮ ਕੀਤਾ ਉਸ ਵਿੱਚ ਉਨਾ ਨੇ ਸੋਭਾ ਹੀ ਖੱਟੀ ਹੈ। ਅੱਜ ਦੇ ਅਵਾਰਡ ਨਾਲ ਸਾਡੀ ਕੁਮਿਨਟੀ ਦੇ ਬਾਕੀ ਲੋਕ ਵੀ ਇਨਾ ਦੀ ਕਾਰਗੁਜ਼ਾਰੀ ਤੋਂ ਸੇਧ ਲੈਣਗੇ।

Be the first to comment

Leave a Reply