ਸੁਤੰਰਤਾ ਸੰਗਰਾਮੀ ਦੇ ਪੋਤੇ ‘ਤੇ ਤਸ਼ੱਦਦ ਲਈ ਜ਼ਿੰਮੇਵਾਰ ਸਿਆਸਤਦਾਨਾਂ ਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਹੋਵੇ -: ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਤੰਤਰਤਾ ਸੰਗਰਾਮੀ ਗਿਆਨੀ ਲਾਭ ਸਿੰਘ ਦੇ ਪੋਤੇ ਉੱਤੇ ਤੀਜੀ ਡਿਗਰੀ ਦਾ ਤਸ਼ੱਦਦ ਢਾਹੁਣ ਲਈ ਜ਼ਿੰਮੇਵਾਰ ਸਾਰੇ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੀਆਂ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਲਈ ਛੇੜੀ ਮੁਹਿੰਮ ਦੌਰਾਨ ਕਾਂਗਰਸੀ ਆਗੂ ਅਤੇ ਵਰਕਰ ਸੁਤੰਤਰਤਾ ਸੰਗਰਾਮੀਆਂ ਦੇ ਬੱਚਿਆਂ ਨੂੰ ਵੀ ਨਹੀ ਬਖਸ਼ ਰਹੇ ਹਨ। ਉਹਨਾਂ ਕਿਹਾ ਕਿ ਇੱਕ ਸੁਤੰਤਰਤਾ ਸੰਗਰਾਮੀ ਦੇ ਪੋਤੇ ਜਗਰੂਪ ਦੀ ਗਲਤੀ ਸਿਰਫ ਇਹੋ ਸੀ ਕਿ ਉਸ ਨੇ ਮੁਕਤਸਰ ਜ਼ਿਲ•ੇ ਵਿਚ ਪੈਂਦੇ ਆਪਣੇ ਪਿੰਡ ਮਧੀਰ ਦੇ ਤਲਾਬ ਉੱਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪ੍ਰਸਾਸ਼ਨ ਨੂੰ ਅਰਜ਼ੀ ਦਿੱਤੀ ਸੀ। ਅਜਿਹਾ ਕਰਨ ਲਈ ਉਸ ਨੂੰ 32 ਘੰਟੇ ਲਈ ਨਾਜਾਇਜ਼ ਹਿਰਾਸਤ ਰੱਖ ਕੇ ਉਸ ਉੱਤੇ ਤੀਜੀ ਡਿਗਰੀ ਦਾ ਅੱਤਿਆਚਾਰ ਕੀਤਾ ਗਿਆ।

ਅਕਾਲੀ ਆਗੂ ਨੇ ਕਿਹਾ ਕਿ ਸਿਆਸੀ ਬਦਲੇਖੋਰੀ ਦੀਆਂ ਘਟਨਾਵਾਂ ਤੋਂ ਮੁਨਕਰ ਹੁੰਦੀ ਆ ਰਹੀ ਕਾਂਗਰਸ ਲਈ ਇਹ ਕੇਸ ਸ਼ਰਤੀਆ ਪਰਖ ਦੀ ਘੜੀ ਸਾਬਿਤ ਹੋਵੇਗਾ। ਇਸ ਕੇਸ ਵਿਚ ਜਗਰੂਪ ਖ਼ਿਲਾਫ ਸਿਆਸੀ ਬਦਲੇਖੋਰੀ ਦਾ ਦੋਸ਼ ਅਕਾਲੀ ਦਲ ਨੇ ਨਹੀਂ, ਸਗੋਂ ਸੁਤੰਤਰਤਾ ਸੰਗਰਾਮੀਆਂ ਦੇ ਵੰਸ਼ਜ਼ ਦੀ ਸੰਸਥਾ ਵੱਲੋਂ ਲਗਾਇਆ ਗਿਆ ਹੈ। ਇਸ ਸੰਸਥਾ ਦਾ ਕਹਿਣਾ ਹੈ ਕਿ ਜਗਰੂਪ ਉੱਤੇ ਇਹ ਤਸ਼ੱਦਦ ਮੁਕਤਸਰ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਸ਼ਾਰੇ ਉੁੱਤੇ ਕੀਤਾ ਗਿਆ ਹੈ। ਇਸ ਸੰਸਥਾ ਨੇ ਇਸ ਤਸ਼ੱਦਦ ਦਾ ਕਾਰਣ ਵੀ ਦੱਸਿਆ ਹੈ। ਹੁਣ ਸਾਰੀ ਗੱਲ ਸਰਕਾਰ ਉੱਤੇ ਆ ਗਈ ਹੈ, ਕਿ ਜਾਂ ਤਾਂ ਉਹ ਇਸ ਮਾਮਲੇ ਵਿਚ ਕਾਰਵਾਈ ਕਰੇ ਜਾਂ ਫਿਰ ਸਵੀਕਾਰ ਕਰੇ ਕਿ ਇਸ ਦੀ ਆਪਣੇ ਆਗੂਆਂ ਅਤੇ ਵਰਕਰਾਂ ਖ਼ਿਲਾਫ ਕਾਰਵਾਈ ਕਰਨ ਦੀ ਕੋਈ ਮਨਸ਼ਾ ਨਹੀਂ ਹੈ।

Be the first to comment

Leave a Reply