ਸੁਨੀਲ ਜਾਖੜ ਨੇ ਅੰਮ੍ਰਿਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਦਾ ਮਾਮਲਾ ਉਠਾਇਆ

ਜਲੰਧਰ – ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਸਾਹਮਣੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਦਾ ਮਾਮਲਾ ਉਠਾਉਂਦੇ ਹੋਏ ਕਿਹਾ ਹੈ ਕਿ ਅਕਾਲੀਆਂ ਨੇ ਤਾਂ ਸਿਰਫ ਧਰਮ ਦੇ ਨਾਂ ‘ਤੇ ਸਿਆਸਤ ਕੀਤੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਲਈ ਅਕਾਲੀ ਅਸਲ ‘ਚ ਕੁਝ ਵੀ ਨਹੀਂ ਕਰ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖੁਦ ਅੱਗੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਰਲਡ ਕਲਾਸ ਸਿਟੀ ਬਣਾਉਣ ਅਤੇ ਇਸ ਲਈ ਕੌਮਾਂਤਰੀ ਪੱਧਰ ‘ਤੇ ਡਿਜ਼ਾਈਨਰਾਂ ਅਤੇ ਮਾਹਿਰਾਂ ਨੂੰ ਬੁਲਾ ਕੇ ਉਸ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਕਿਹਾ ਕਿ ਇਸ ਲਈ ਅਮਰਿੰਦਰ ਸਰਕਾਰ ਨੂੰ ਭਾਵੇਂ ਅਗਲੇ 4 ਸਾਲਾਂ ‘ਚ 4 ਤੋਂ 5 ਹਜ਼ਾਰ ਕਰੋੜ ਹੀ ਕਿਉਂ ਨਾ ਖਰਚ ਕਰਨੇ ਪੈਣ। ਉਨ੍ਹਾਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਰਲਡ ਕਲਾਸ ਸਿਟੀ ਬਣਾਉਣ ਨਾਲ ਪੂਰੀ ਦੁਨੀਆ ‘ਚ ਵਸੇ ਸਿੱਖ ਅਤੇ ਹੋਰ ਭਾਈਚਾਰੇ ‘ਚ ਲੋਕਾਂ ‘ਚ ਇਕ ਚੰਗਾ ਸੰਦੇਸ਼ ਜਾਵੇਗਾ। ਜਾਖੜ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੀ ਮਦਦ ਲਈ ਨਾ ਤਾਂ ਕੇਂਦਰ ਦੀ ਰਾਜਗ ਸਰਕਾਰ ਨੇ ਅੱਗੇ ਆਉਣਾ ਹੈ ਤੇ ਨਾ ਹੀ ਪੰਜਾਬ ਨੂੰ ਕਿਤਿਓਂ ਹੋਰ ਮਦਦ ਮਿਲਣੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਖੁਦ ਹੀ 4 ਤੋਂ 5 ਹਜ਼ਾਰ ਕਰੋੜ ਦਾ ਪ੍ਰਬੰਧ ਕਰਕੇ ਅੰਮ੍ਰਿਤਸਰ ‘ਤੇ ਖਰਚ ਕਰਕੇ ਉਸ ਨੂੰ ਵਰਲਡ ਕਲਾਸ ਸਿਟੀ ਬਣਾ ਕੇ ਦਿਖਾਉਣਾ ਹੋਵੇਗਾ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਦੇ ਮੌਜੂਦਾ ਬਜਟ ਤੋਂ ਪਹਿਲਾਂ ਪਹਿਲ ਕਰਨ ਲਈ ਕਿਹਾ। ਜਾਖੜ ਨੇ ਮੋਦੀ ਸਰਕਾਰ ‘ਤੇ ਹੱਲਾ ਬੋਲਦੇ ਹੋਏ ਕਿਹਾ ਕਿ ਜਦੋਂ ਤੋਂ ਕੇਂਦਰ ‘ਚ ਉਹ ਸੱਤਾ ‘ਚ ਆਈ ਹੈ ਉਦੋਂ ਤੋਂ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਖੜ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਉਸ ਦੀ ਸਰਕਾਰ ਜ਼ਰੂਰ ਬਜਟ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ।