ਸੂਬੇ ਦੇ ਵਿਕਾਸ ਲਈ ਸੜਕਾਂ ਨੂੰ ਚੌੜਾ ਕਰਨਾ ਜ਼ਰੂਰੀ-ਸਾਧੂ ਸਿੰਘ ਧਰਮਸੋਤ

ਲੁਧਿਆਣਾ : ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਦਿ੍ਰੜ ਸੰਕਲਪ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਿੱਚ ਜੰਗਲਾਤ, ਪਿ੍ਰੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਥਾਨਕ ਸ੍ਰੀ ਗਿਆਨ ਸਥੱਲ ਮੰਦਿਰ, ਸੁਭਾਨੀ ਚੌਕ ਵਿਖੇ ਰੱਖੇ ਰਾਸ਼ਨ ਅਤੇ ਹੋਰ ਸਮੱਗਰੀ ਵੰਡ ਸਮਾਰੋਹ ਦੌਰਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਅੱਗੇ ਤੋਰਨ ਲਈ ਸੜਕਾਂ ਨੂੰ ਚੌੜਾ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਖਿੱਤੇ ਦੇ ਵਿਕਾਸ ਲਈ ਉਥੇ ਦਾ ਸੜਕੀ ਨੈੱਟਵਰਕ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸੜਕਾਂ ਨੂੰ ਚੌੜਾ ਕਰਨ ਲਈ ਜੋ ਵੀ ਰੁੱਖ ਕੱਟੇ ਜਾ ਰਹੇ ਹਨ, ਉਸ ਤੋਂ ਵਧੇਰੀ ਗਿਣਤੀ ਵਿੱਚ ਨਵੇਂ ਪੌਦੇ ਲਗਾ ਕੇ ਉਨ੍ਹਾਂ ਦੀ ਬਕਾਇਦਾ ਚੰਗੀ ਸੰਭਾਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਵਧਾਉਣ ਲਈ ਲਗਾਤਾਰ ਯਤਨ ਜਾਰੀ ਹਨ, ਜਿਸ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦੇ ਆਸੇ ਪਾਸੇ ਖਾਲੀ ਪਈ ਜਗ੍ਹਾ ਨੂੰ ਐਕਵਾਇਰ ਕਰਕੇ ਉਥੇ ਪੌਦੇ ਲਗਾ ਕੇ ਸੰਬੰਧਤ ਪੰਚਾਇਤਾਂ ਅਤੇ ਸਕੂਲਾਂ ਨੂੰ ਸਪੁਰਦ ਕੀਤੇ ਜਾਣ ਤਾਂ ਜੋ ਉਨ੍ਹਾਂ ਦੀ ਬਕਾਇਦਾ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਪੰਚਾਇਤਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਪਹਿਲ ਕਦਮੀ ਕਰਦਿਆਂ ਉਨ੍ਹਾਂ ਖਾਲੀ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਪੌਦੇ ਲਗਾ ਕੇ ਜੰਗਲ ਵਿਕਸਤ ਕੀਤੇ ਜਾ ਸਕਣ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ।

Be the first to comment

Leave a Reply

Your email address will not be published.


*