ਸੂਬੇ ਵਿੱਚ ਅਤਿਵਾਦ ਅਤੇ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਲਈ ਬਾਦਲ ਜ਼ਿੰਮੇਵਾਰ

ਚੰਡੀਗੜ੍ਹ  : ਪੰਜਾਬ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਵੱਲੋਂ 1984 ਦੇ ਦੰਗੇ ਅਤੇ ਨਸ਼ਿਆਂ ਦੇ ਮਸਲੇ’ਤੇ ਰਾਹੁਲ ਗਾਂਧੀ ਖਿਲਾਫ਼ ਕੀਤੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਦੀ ਕਰੜੀ ਅਲੋਚਨਾ ਕਰਦਿਆਂ ਆਖਿਆ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ਼ ਬਰਕਲੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਭਾਸ਼ਣ ਨੇ ਭਾਜਪਾ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਈਆਂ ਦੇ ਖੰਭ ਕੁਤਰ ਦਿੱਤੇ ਹਨ ਜੋ ਹੁਣ ਹੋਛੇਪਣ ਅਤੇ ਝੂਠ ਦਾ ਸਹਾਰਾ ਲੈ ਕੇ ਹੱਥ-ਪੈਰ ਮਾਰ ਰਹੇ ਹਨ।
ਕਾਂਗਰਸੀ ਨੇਤਾਵਾਂ ਨੇ ਅੱਜ ਜਾਰੀ ਇਕ ਬਿਆਨ ਰਾਹੀਂ ਆਖਿਆ ਕਿ ਅਕਾਲੀ ਨੇਤਾਵਾਂ ਨੇ ਰਾਹੁਲ ’ਤੇ ਹਮਲਾ ਕਰਕੇ ਭਾਜਪਾ ਦੀ ਖੁਸ਼ਾਮਦੀਦ ਕੀਤੀ ਹੈ ਕਿਉਂ ਜੋ ਭਾਰਤੀ ਜਨਤਾ ਪਾਰਟੀ ਕਾਂਗਰਸੀ ਲੀਡਰ ਵੱਲੋਂ ਇਸ ਪਾਰਟੀ ਖਿਲਾਫ਼ ਲਾਏ ਠੋਸ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਿਲਮਲਾ ਰਹੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਾਂਗਰਸੀ ਵਿਧਾਇਕ ਓ.ਪੀ. ਸੋਨੀ,ਡਾ. ਰਾਜ ਕੁਮਾਰ ਵੇਰਕਾ, ਸੁਖ ਸਰਕਾਰੀਆ, ਸੁਖਵਿੰਦਰ ਸਿੰਘ ਡੈਨੀ, ਸੁਖਪਾਲ ਸਿੰਘ ਭੁੱਲਰ, ਸੁਖਜਿੰਦਰ ਸਿੰਘ ਰੰਧਾਵਾ,ਹਰਦਿਆਲ ਸਿੰਘ ਕੰਬੋਜ ਤੇ ਕੁਲਜੀਤ ਸਿੰਘ ਨਾਗਰਾ, ਪਾਰਟੀ ਦੇ ਸੂਬਾਈ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਕਈ ਜ਼ਿਲਾ ਪ੍ਰਧਾਨਾਂ ਨੇ ਇਕ ਸਾਂਝੇ ਬਿਆਨ ਰਾਹੀਂ ਆਖਿਆ ਕਿ ਸੁਖਬੀਰ ਅਤੇ ਹਰਸਿਮਰਤ ਅਕਾਲੀ ਦਲ ਰਾਹੀਂ ਲੜਖੜਾਈ ਹੋਈ ਭਾਜਪਾ ਦਾ ਬਚਾਅ ਕਰਨ ਦੀ ਸਪੱਸ਼ਟ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੇ ਗੈਰ-ਜਮਹੂਰੀ ਕੰਮਕਾਜ ਅਤੇ ਸਾਰੇ ਮੁੱਖ ਖੇਤਰਾਂ ’ਤੇ ਪੂਰੀ ਤਰਾਂ ਨਾਕਾਮ ਰਹਿਣ ਦੀ ਡਟਵੀਂ ਅਲੋਚਨਾ ਕਰਕੇ ਇਸ ਪਾਰਟੀ ਨੂੰ ਬਿਲਕੁਲ ਨੁੱਕਰੇ ਲਾ ਦਿੱਤਾ।
ਪਾਰਟੀ ਦੇ ਜ਼ਿਲਾ ਪ੍ਰਧਾਨਾਂ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਬਾਦਲਾਂ ਨੇ 1984 ਦੇ ਦੰਗਿਆਂ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸੂਬੇ ਵਿੱਚ ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਲਾਂਭੇ ਕਰਨ ਲਈ ਅਕਾਲੀ-ਭਾਜਪਾ ਦੀਆਂ ਦੋ-ਮੂੰਹੀ ਕੋਸ਼ਿਸ਼ਾਂ ਨੂੰ ਪੰਜਾਬੀਆਂ ਨੇ ਪੂਰੀ ਤਰਾਂ ਰੱਦ ਕਰ ਦਿੱਤਾ ਸੀ ਪਰ ਲਗਦਾ ਹੈ ਕਿ ਉਹ ਉਨਾਂ ਗੱਲਾਂ ਨੂੰ ਭੁੱਲ ਗਏ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ 1984 ਦੇ ਦੰਗਿਆਂ ਦੇ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ’ਚ ਨਾਕਾਮ ਰਹਿਣ ਦੇ ਬਾਵਜੂਦ ਅਕਾਲੀ-ਭਾਜਪਾ ਮੁਸੀਬਤਾਂ ਵਿੱਚ ਫਸਣ ਵੇਲੇ ਇਹ ਮੁੱਦਾ ਫਿਰ ਚੁੱਕਣ ਦੀ ਨਾਕਾਮ ਕੋਸ਼ਿਸ਼ ਕਰਦੇ ਹਨ। ਹੁਣ ਇਨਾਂ ਨੇ ਰਾਹੁਲ ਗਾਂਧੀ ਦੇ ਜ਼ਬਰਦਸਤ ਭਾਸ਼ਣ ਦੀ ਕਾਟ ਲਈ ਫਿਰ ਇਸ ਮੁੱਦੇ ਦਾ ਸਹਾਰਾ ਲੈਣ ਦਾ ਅਸਫਲ ਯਤਨ ਕੀਤਾ।
ਕਾਂਗਰਸ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਦੇ ਮਾਮਲੇ ’ਤੇ ਵੀ ਉਸੇ ਤਰਾਂ ਦੇ ਦਾਅ-ਪੇਚ ਅਪਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਪੱਧਰ ’ਤੇ ਨਸ਼ਿਆਂ ਦੇ ਹੋਣ ਦੇ ਬਾਵਜੂਦ ਬਾਦਲਾਂ ਨੇ ਆਪਣੇ ਕਾਰਜਕਾਲ ਦੌਰਾਨ ਇਸ ਨਾਜ਼ੁਕ ਸਮੱਸਿਆ ਨੂੰ ਖਤਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

Be the first to comment

Leave a Reply