ਸੂਰਜ ਡੁੱਬਦਿਆਂ ਹੀ ਸ਼ਹਿਰ ਦੇ ਅਨੇਕਾਂ ਇਲਾਕੇ ਹਨੇਰੇ ਵਿਚ ਡੁੱਬੇ ਨਜਰ ਆਏ

ਅੰਮ੍ਰਿਤਸਰ :-  ਮਹਾਨਗਰ ‘ਚ ਸੂਰਜ ਡੁੱਬਦਿਆਂ ਹੀ ਸ਼ਹਿਰ ਦੇ ਅਨੇਕਾਂ ਇਲਾਕੇ ਹਨੇਰੇ ਵਿਚ ਡੁੱਬ ਜਾਂਦੇ ਹਨ। ਸ਼ਹਿਰ ‘ਚ ਐੱਲ. ਈ. ਡੀ. ਲਾਈਟਾਂ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ, ਜਦਕਿ ਨਗਰ ਨਿਗਮ ਅਧਿਕਾਰੀ ਪੁਰਾਣੀਆਂ ਲਾਈਟਾਂ ਦੀ ਸਾਂਭ-ਸੰਭਾਲ ਅਤੇ ਰਿਪੇਅਰ ਕਰਵਾਉਣ ਵਿਚ ਫੇਲ ਹੋ ਰਹੇ ਹਨ। ਇਲਾਕਿਆਂ ਦੀਆਂ ਗਲੀਆਂ ਤਾਂ ਇਕ ਪਾਸੇ, ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਦੂਰ-ਦੂਰ ਤੱਕ ਹਨੇਰਾ ਵੀ ਫੈਲਿਆ ਨਜ਼ਰ ਆਉਂਦਾ ਹੈ। ਇਨ੍ਹਾਂ ਰਸਤਿਆਂ ‘ਤੇ ਖਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ। ਘੁੱਪ ਹਨੇਰੇ ਕਾਰਨ ਦੋਪਹੀਆ ਵਾਹਨ ਚਾਲਕ ਸੜਕ ‘ਤੇ ਪਏ ਟੋਇਆਂ ਕਰ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਲੁੱਟਮਾਰ ਦੀਆਂ ਘਟਨਾਵਾਂ ਕਰਨ ਵਾਲੇ ਹਨੇਰੇ ਵਾਲੀਆਂ ਸੜਕਾਂ ‘ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਲੁਟੇਰੇ ਘਟਨਾਵਾਂ ਨੂੰ ਅੰਜਾਮ ਦੇ ਕੇ ਹਨੇਰੇ ਦਾ ਫਾਇਦਾ ਉਠਾ ਕੇ ਰਫੂਚੱਕਰ ਹੋ ਜਾਂਦੇ ਹਨ। ਸੁਲਤਾਨਵਿੰਡ ਰੋਡ ਦੇ ਨਾਲ ਜਾਂਦੀ ਮੁੱਖ ਸੜਕ ਅਤੇ ਸੈਰਗਾਹ ਲਈ ਬਣਾਈ ਸੜਕ ‘ਤੇ ਇਕ ਵੀ ਟਿਊਬ ਲਾਈਟ ਨਾ ਜਗਦੀ ਹੋਣ ਕਰ ਕੇ ਲੋਕਾਂ ਲਈ ਡਰ ਦਾ ਮਾਹੌਲ ਬਣ ਰਿਹਾ ਹੈ। ਇਸ ਤੋਂ ਇਲਾਵਾ ਹਾਲ ਗੇਟ ਤੋਂ ਰਾਮਬਾਗ, ਰਾਮਬਾਗ ਤੋਂ ਸ਼ੇਰਾਂ ਵਾਲਾ ਗੇਟ ਤੱਕ ਸੜਕ ‘ਤੇ ਪੂਰਾ ਹਨੇਰਾ ਛਾਇਆ ਹੁੰਦਾ ਹੈ। ਸੌ ਫੁੱਟ ਰੋਡ, ਭੱਲੇ ਵਾਲਾ ਖੂਹ ਤੋਂ ਗੁਰੂ ਨਾਨਕਪੁਰਾ ਨੂੰ ਜਾਂਦੀ ਸੜਕ ਸਮੇਤ ਸ਼ਹਿਰ ਦੀਆਂ ਹੋਰ ਸੜਕਾਂ ‘ਤੇ ਲਾਈਟਾਂ ਦਾ ਪ੍ਰਬੰਧ ਕਰਨ ‘ਚ ਨਿਗਮ ਦਾ ਸਟਰੀਟ ਲਾਈਟ ਵਿਭਾਗ ਨਾਕਾਮ ਰਹਿ ਰਿਹਾ ਹੈ। ਇੰਪਰੂਵਮੈਂਟ ਟਰੱਸਟ ਦੀ ਲਾਪ੍ਰਵਾਹੀ ਕਰ ਕੇ ਮਜੀਠਾ ਰੋਡ ‘ਤੇ ਕਾਫੀ ਹੱਦ ਤੱਕ ਲਾਈਟਾਂ ਬੰਦ ਹੋ ਚੁੱਕੀਆਂ ਹਨ।
ਵੀ. ਆਈ. ਪੀ. ਇਲਾਕਿਆਂ ‘ਤੇ ਮਿਹਰਬਾਨ ਨਿਗਮ : ਮਹਾਨਗਰ ਦੀਆਂ ਕਈ ਸੜਕਾਂ ‘ਤੇ ਲਾਈਟਾਂ ਗੁਲ ਹੋਣ ਕਰ ਕੇ ਸੜਕਾਂ ਹਨੇਰੇ ਵਿਚ ਡੁੱਬੀਆਂ ਹਨ। ਦੂਜੇ ਪਾਸੇ ਨਗਰ ਨਿਗਮ ਵੀ. ਆਈ. ਪੀ. ਇਲਾਕਿਆਂ ‘ਤੇ ਖਾਸ ਮਿਹਰਬਾਨ ਹੈ। ਉਥੇ ਸੜਕਾਂ ‘ਤੇ ਇਕ ਵੀ ਲਾਈਟ ਬੰਦ ਨਹੀਂ ਹੈ। ਆਮ ਸੜਕਾਂ ਨਾਲੋਂ ਇਸ ਇਲਾਕੇ ਵੱਲ ਖਾਸ ਧਿਆਨ ਕਿਉਂ ਦਿੱਤਾ ਜਾਂਦਾ ਹੈ, ਇਸ ਲਈ ਅਧਿਕਾਰੀ ਹੀ ਜਵਾਬਦੇਹ ਹਨ। ਅਲਫਾ ਵਨ ਅਤੇ ਨਾਲ ਲੱਗਦੇ ਹੋਟਲ ਹਿਜਾਤ ਦੇ ਅੱਗੇ ਲਾਈਟਾਂ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ।
ਜਗਣਗੀਆਂ ਸਾਰੀਆਂ ਲਾਈਟਾਂ : ਐੱਸ. ਈ. : ਨਗਰ ਨਿਗਮ ਦੇ ਐੱਸ. ਈ. ਪ੍ਰਦੁਮਣ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੜਕਾਂ ‘ਤੇ ਬੰਦ ਲਾਈਟਾਂ ਸਬੰਧੀ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਾ ਕੇ ਬੰਦ ਲਾਈਟਾਂ ਵਾਲੀਆਂ ਸੜਕਾਂ ਦੀਆਂ ਸਾਰੀਆਂ ਲਾਈਟਾਂ ਨੂੰ ਜਗਾਇਆ ਜਾਵੇਗਾ।

Be the first to comment

Leave a Reply