ਸੈਕਟਰ-16, ਚੰਡੀਗੜ੍ਹ ਵਾਸੀ ਤਨਿਸ਼ਕ ਭਸੀਨ ਦੀ ਲਾਸ਼ ਮੋਰਨੀ ਰੋਡ ‘ਤੇ ਖੜ੍ਹੀ ਕਾਰ ‘ਚੋਂ ਬਰਾਮਦ ਕੀਤੀ ਗਈ

ਪੰਚਕੂਲਾ/ਚੰਡੀਗੜ੍ਹ- ਚੰਡੀਗੜ੍ਹ ਦੇ ਮੁੰਡੇ ਦੀ ਖੂਨ ਨਾਲ ਲਥਪਥ ਲਾਸ਼ ਬੀਤੇ ਦਿਨ ਬਰਾਮਦ ਕੀਤੀ ਗਈ ਸੀ। ਪੁਲਸ ਨੇ ਜਦੋਂ ਕਾਰ ਦਾ ਲਾਕ ਖੋਲ੍ਹਿਆ ਤਾਂ ਦੇਖਿਆ ਕਿ ਮ੍ਰਿਤਕ ਦੇ ਹੱਥਾਂ ਸਮੇਤ ਕਈ ਅੰਗ ਨੀਲੇ ਪੈ ਚੁੱਕੇ ਸਨ, ਜਿਸ ਨੂੰ ਦੇਖ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੌਤ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਸੈਕਟਰ-16, ਚੰਡੀਗੜ੍ਹ ਵਾਸੀ ਤਨਿਸ਼ਕ ਭਸੀਨ ਦੀ ਲਾਸ਼ ਮੋਰਨੀ ਰੋਡ ‘ਤੇ ਖੜ੍ਹੀ ਕਾਰ ‘ਚੋਂ ਬਰਾਮਦ ਕੀਤੀ ਗਈ। ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਕਾਰ ਅੰਦਰੋਂ ਲਾਕ ਸੀ। ਪੁਲਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਲਾਕ ਖੋਲ੍ਹਿਆ। ਮੌਕੇ ‘ਤੇ ਸੀਨ ਆਫ ਕ੍ਰਾਈਮ ਦੀ ਟੀਮ ਵੀ ਪੁੱਜੀ। ਨੌਜਵਾਨ ਦੇ ਨੇੜੇ ਵਾਲੀ ਸੀਟ ‘ਤੇ ਇਕ ਰਿਵਾਲਵਰ ਵੀ ਪਈ ਹੋਈ ਸੀ। ਫਿਲਹਾਲ ਪੁਲਸ ਨੇ ਜਾਂਚ ਤੋਂ ਬਾਅਦ ਰਿਵਾਲਵਰ ਅਤੇ ਕਾਰ ਕਬਜ਼ੇ ‘ਚ ਲੈ ਲਈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਸੁਨੀਲ ਭਸੀਨ ਹਾਈਕੋਰਟ ‘ਚ ਵਕੀਲ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸੀ ਅਤੇ ਬੀ. ਕਾਮ ਕਰਨ ਤੋਂ ਬਾਅਦ ਉਹ ਆਈ. ਏ. ਐੱਸ. ਅਫਸਰ ਬਣਨਾ ਚਾਹੁੰਦਾ ਸੀ। ਇੱਥੋਂ ਤੱਕ ਕਿ ਬੋਰਡ ਦੀਆਂ ਕਲਾਸਾਂ ‘ਚ ਵੀ ਤਨਿਸ਼ਕ ਦੇ ਨੰਬਰ 90 ਫੀਸਦੀ ਤੋਂ ਜ਼ਿਆਦਾ ਆਉਂਦੇ ਸਨ।    ਦੂਜੇ ਪਾਸੇ ਕਤਲ ਦੇ ਪਹਿਲੂਆਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਤਨਿਸ਼ਕ ਬੁੱਧਵਾਰ ਦੇਰ ਸ਼ਾਮ ਆਪਣੇ ਘਰੋਂ ਸਫੈਦ ਰੰਗ ਦੀ ਕੋਰੋਲਾ ਕਾਰ ਲੈ ਕੇ ਨਿਕਲਿਆ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਨੌਜਵਾਨ ਖੂਨ ਨਾਲ ਲਥਪਥ ਕਾਰ ‘ਚ ਪਿਆ ਹੈ। ਪੁਲਸ ਨੂੰ ਕਾਰ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਕਿਸੇ ਹੋਰ ਵਿਅਕਤੀ ਦੇ ਕਾਰ ‘ਚ ਬੈਠੇ ਹੋਣ ਦਾ ਵੀ ਕੋਈ ਨਿਸ਼ਾਨ ਪੁਲਸ ਨੂੰ ਨਹੀਂ ਮਿਲਿਆ ਹੈ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਖੁਦਕੁਸ਼ੀ ਨਹੀਂ ਕਰ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਅਤੇ ਉਨ੍ਹਾਂ ਦੇ ਬੇਟੇ ਕੋਲ ਕੋਈ ਰਿਵਾਲਵਰ ਨਹੀਂ ਸੀ। ਪੁਲਸ ਇਹ ਵੀ ਪਤਾ ਲਾਉਣ ‘ਚ ਜੁੱਟੀ ਹੋਈ ਹੈ ਕਿ ਆਖਰ ਤਨਿਸ਼ਕ ਨੇ ਇਹ ਰਿਵਾਲਵਰ ਕਿੱਥੋਂ ਹਾਸਲ ਕੀਤੀ ਸੀ।

Be the first to comment

Leave a Reply