ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਸੋਨੇ ਦੀ ਸਮੱਗਲਿੰਗ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼

ਅੰਮ੍ਰਿਤਸਰ  – ਡੀ. ਆਰ. ਆਈ. ਵੱਲੋਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ‘ਚ ਸਵਾਰ ਪਤੀ-ਪਤਨੀ ਦੀ ਸੀਟ ਦੇ ਹੇਠੋਂ 15 ਕਿਲੋ ਸੋਨਾ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਥੇ ਏਅਰਪੋਰਟ ‘ਤੇ ਸੋਨੇ ਦੀ ਸਮੱਗਲਿੰਗ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋ ਚੁੱਕਾ ਹੈ, ਉਥੇ ਹੀ ਇਸ ਮਾਮਲੇ ਨੇ ਦੇਸ਼ ਦੀ ਸੁਰੱਖਿਆ ਨੂੰ ਵੀ ਦਾਅ ‘ਤੇ ਲਾ ਦਿੱਤਾ ਹੈ। ਕਿੰਨੀ ਚਲਾਕੀ ਨਾਲ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਵਿਚ ਇਕ ਸੀਟ ਦੇ ਹੇਠਾਂ 15 ਕਿਲੋ ਸੋਨਾ ਸੀਟ ਨੂੰ ਕੱਟ ਕੇ ਲੁਕਾਇਆ ਗਿਆ ਸੀ। ਇਥੇ ਸਵਾਲ ਉਠਦਾ ਹੈ ਕਿ ਜੇਕਰ ਇਕ ਅੰਤਰਰਾਸ਼ਟਰੀ ਫਲਾਈਟ ਦੀ ਸੀਟ ਵਿਚ ਸੋਨਾ ਲੁਕਾਇਆ ਜਾ ਸਕਦਾ ਹੈ ਤਾਂ ਕੀ ਸੋਨੇ ਦੀ ਜਗ੍ਹਾ ‘ਤੇ ਹਥਿਆਰ ਜਾਂ ਫਿਰ ਕੋਈ ਹੋਰ ਵਿਸਫੋਟਕ ਸਮੱਗਰੀ ਵੀ ਛੁਪਾਈ ਜਾ ਸਕਦੀ ਹੈ ਅਤੇ ਅਮਰੀਕਾ ਵਾਂਗ ਭਾਰਤ ਵਿਚ ਵੀ 9/11 ਵਰਗਾ ਕੋਈ ਕਾਂਡ ਹੋ ਸਕਦਾ ਹੈ, ਜਿਸ ‘ਤੇ ਸੁਰੱਖਿਆ ਏਜੰਸੀਆਂ ਗਹਿਰਾਈ ਨਾਲ ਚਿੰਤਨ ਕਰ ਰਹੀਆਂ ਹਨ।  ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ. ਆਰ. ਆਈ. ਵੱਲੋਂ ਦੁਬਈ ਏਅਰਪੋਰਟ ‘ਤੇ ਤਾਇਨਾਤ ਮੈਂਬਰ ਅਤੇ ਹੋਰ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਸੱਚਾਈ ਦਾ ਪਤਾ ਲਾਇਆ ਜਾ ਸਕੇ ਕਿਉਂਕਿ ਸੁਰੱਖਿਆ ਏਜੰਸੀਆਂ ਵੀ ਮੰਨਦੀਆਂ ਹਨ ਕਿ ਇਹ ਮਾਮਲਾ ਸਿਰਫ ਸੋਨੇ ਦੀ ਸਮੱਗਲਿੰਗ ਦਾ ਨਹੀਂ ਸਗੋਂ ਦੇਸ਼ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਹੈ। ਜੇਕਰ ਦੁਬਈ ਤੋਂ ਅੰਮ੍ਰਿਤਸਰ ਦੀ ਫਲਾਈਟ ਦੀ ਸੀਟ ਵਿਚ ਸੋਨਾ ਲੁਕਾਇਆ ਜਾ ਸਕਦਾ ਹੈ ਤਾਂ ਹਥਿਆਰ ਵੀ ਲੁਕਾਏ ਜਾ ਸਕਦੇ ਹਨ, ਇਸ ਲਈ ਇਸ ਕੇਸ ਵਿਚ ਦੋਸ਼ੀਆਂ ਦਾ ਫੜਿਆ ਜਾਣਾ ਰਾਸ਼ਟਰੀ ਸੁਰੱਖਿਆ ਲਈ ਅਤਿ-ਜ਼ਰੂਰੀ ਬਣ ਚੁੱਕਾ ਹੈ। ਦੁਬਈ ਏਅਰਪੋਰਟ ‘ਤੇ ਜਿਸ ਥਾਂ ‘ਤੇ ਜਹਾਜ਼ ਖੜ੍ਹਾ ਹੁੰਦਾ ਹੈ, ਉਥੋਂ ਲੈ ਕੇ ਐੱਸ. ਜੀ. ਆਰ. ਡੀ. ਏਅਰਪੋਰਟ ਅੰਮ੍ਰਿਤਸਰ ਵਿਚ ਜਹਾਜ਼ ਦੀ ਸਾਫ਼-ਸਫਾਈ ਕਰਨ ਵਾਲੇ ਅਤੇ ਹੋਰ ਕਰੂ ਮੈਂਬਰ ਸ਼ੱਕ ਦੇ ਦਾਇਰੇ ਵਿਚ ਹਨ।ਕਸਟਮ ਵਿਭਾਗ ਦੀ ਭੂਮਿਕਾ ਸਵਾਲਾਂ ਦੇ ਘੇਰੇ ‘ਚ : ਐੱਸ. ਜੀ. ਆਰ. ਡੀ. ਏਅਰਪੋਰਟ ਹੋਵੇ ਜਾਂ ਫਿਰ ਦਿੱਲੀ ਅਤੇ ਮੁੰਬਈ  ਦੇ ਵੱਡੇ ਇੰਟਰਨੈਸ਼ਨਲ ਏਅਰਪੋਰਟ, ਸੋਨੇ ਦੀ ਸਮੱਗਲਿੰਗ ਦੇ ਮਾਮਲੇ ‘ਚ ਕਸਟਮ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਭੂਮਿਕਾ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਬਣੀ ਰਹਿੰਦੀ ਹੈ ਕਿਉਂਕਿ ਕਈ ਵਾਰ ਕਸਟਮ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪ ਸਮੱਗਲਰਾਂ ਦੀ ਮਦਦ ਕਰਦੇ ਹੋਏ ਅਤੇ ਸੋਨੇ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਸਥਿਤ ਐੱਸ. ਜੀ. ਆਰ. ਡੀ. ਏਅਰਪੋਰਟ ਦੀ ਗੱਲ ਕਰੀਏ ਤਾਂ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ ਰੰਗੇ ਹੱਥੀਂ ਸੋਨੇ ਦੀ ਖੇਪ ਨਾਲ ਫੜਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਇਕ ਪਹਿਲਵਾਨ ਨਾਂ ਦਾ ਅਧਿਕਾਰੀ ਵੀ ਸੋਨੇ ਦੀ ਖੇਪ ਨਾਲ ਰੰਗੇ ਹੱਥੀਂ ਫੜਿਆ ਜਾ ਚੁੱਕਾ ਹੈ। ਏਅਰਪੋਰਟ ‘ਤੇ ਤਾਇਨਾਤ ਇਕ ਹੋਰ ਸੁਰੱਖਿਆ ਏਜੰਸੀ ਦਾ ਅਧਿਕਾਰੀ ਤਾਂ ਹੈਰੋਇਨ ਦੀ ਖੇਪ ਨਾਲ ਰੰਗੇ ਹੱਥੀਂ ਫੜਿਆ ਜਾ ਚੁੱਕਾ ਹੈ। ਪਿਛਲੇ ਸਾਲਾਂ ਦੌਰਾਨ ਸੋਨੇ ਦੀ ਸਮੱਗਲਿੰਗ ਨੂੰ ਲੈ ਕੇ ਹੋਏ ਘਟਨਾਚੱਕਰ ਨੂੰ ਦੇਖਿਆ ਜਾਵੇ ਤਾਂ ਇਹ ਵੀ ਹੋ ਸਕਦਾ ਹੈ ਕਿ ਫਿਰ ਤੋਂ ਕਸਟਮ ਵਿਭਾਗ ਦਾ ਕੋਈ ਨਾ ਕੋਈ ਕਰਮਚਾਰੀ ਸਮੱਗਲਿੰਗ ਦੇ ਕੰਮ ਵਿਚ ਸ਼ਾਮਲ ਹੈ। ਫਿਲਹਾਲ ਡੀ. ਆਰ. ਆਈ. ਵੱਲੋਂ ਇਸ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕਦੀ ਹੈ।

Be the first to comment

Leave a Reply