ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਸਫਲਤਾ ਹੈ ਮਨੁੱਖੀ ਅਧਿਕਾਰ ਪਰੀਸ਼ਦ – ਨਿੱਕੀ ਹੈਲੀ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਮਨੁੱਖੀ ਅਧਿਕਾਰ ਪਰੀਸ਼ਦ ਤੋਂ ਬਾਹਰ ਜਾਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਬਚਾਅ ਕੀਤਾ। ਹੈਲੀ ਨੇ ਦੋਸ਼ ਲਾਇਆ ਕਿ ਸੰਗਠਨ ਦੁਨੀਆ ਦੇ ਸਭ ਤੋਂ ਅਣਮਨੁੱਖੀ ਸ਼ਾਸਨਾਂ ਨੂੰ ਸੁਰੱਖਿਆ ਦੇ ਰਿਹਾ ਹੈ ਅਤੇ ਪਰੀਸ਼ਦ ਨੂੰ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਸਫਲਤਾ ਕਰਾਰ ਦਿੱਤਾ। ਦੱਸਣਯੋਗ ਹੈ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਤੋਂ ਪਿਛਲੇ ਮਹੀਨੇ ਖੁਦ ਨੂੰ ਵੱਖ ਕਰਦੇ ਹੋਏ ਉਸ ਨੂੰ ਪਾਖੰਡੀ ਸੰਸਥਾ ਦੱਸਿਆ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਪਰੀਸ਼ਦ ਗਲਤੀ ਕਰਨ ਵਾਲੇ ਦੇਸ਼ਾਂ ਪ੍ਰਤੀ ਚੁੱਪ ਹੈ, ਜਦਕਿ ਗਲਤੀ ਨਾ ਕਰਨ ਵਾਲਿਆਂ ਨੂੰ ਨਸੀਹਤ ਦੇ ਰਿਹਾ ਹੈ ਪਰ ਅਮਰੀਕਾ ਅਜਿਹੇ ਪਾਖੰਡੀ ਸੰਗਠਨ ਤੋਂ ਨਸੀਹਤਾਂ ਨਹੀਂ ਲਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਸ ਫੈਸਲੇ ਤੋਂ ਪਹਿਲਾਂ ਸਯੁੰਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੇ ਇਕ ਅਧਿਕਾਰੀ ਨੇ ਮੈਕਸੀਕੋ ਤੋਂ ਆਉਣ ਵਾਲੇ ਇਮੀਗ੍ਰੇਸ਼ਨ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਖੋਹਣ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਦੀ ਆਲੋਚਨਾ ਕੀਤੀ ਸੀ। ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਪਰੀਸ਼ਦ ਸਮਝ ਨਾਲ ਕੰਮ ਕਰਨ ਦੀ ਥਾਂ ਨਹੀਂ ਰਹਿ ਗਿਆ, ਉਹ ਰਾਜਨੀਤੀ ਦਾ ਅਖਾੜਾ ਬਣ ਗਿਆ ਹੈ। ਹੈਲੀ ਨੇ ਕਿਹਾ ਕਿ ਉਹ ਚੀਨ, ਵੈਨਜ਼ੁਏਲਾ, ਕਿਊਬਾ ਅਤੇ ਜ਼ਿੰਬਾਬਵੇ ਦੇ ਮਾਮਲੇ ਵਿਚ ਕੁਝ ਨਹੀਂ ਕਰ ਰਿਹਾ ਹੈ।