ਹਮਲਿਆਂ ਨੂੰ ਅਸਫਲ ਬਣਾਉਣ ਲਈ ਕੈਪਟਨ ਬਣਾਉਣਗੇ ਐਸ.ਪੀ.ਜੀ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ ਤੇ ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾ ਕਰਨ, ਲੋਕਾਂ ਨੂੰ ਬੰਦੀ ਬਣਾਉਣ ਤੇ ਹੋਰ ਨਾਜ਼ੁਕ ਹਾਲਾਤ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਸਥਾਪਤ ਕਰਨ ਲਈ ਸੂਬਾ ਪੁਲਿਸ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸ.ਪੀ.ਜੀ. ਦੀ ਰੂਪ-ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਛੋਟੀ ਪਰ 270 ਮੈਂਬਰਾਂ ਵਾਲੀ ਪ੍ਰਭਾਵੀ ਯੁਵਾ ਤੇ ਗਤੀਸ਼ੀਲ ਟੀਮ ਹੋਵੇਗੀ।

ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਐਸ.ਪੀ.ਜੀ. ਵਿੱਚੋਂ ਛੋਟੀ ਪ੍ਰਮੁੱਖ ਟੀਮ ਨੂੰ ਬਗਾਵਤ ਨਾਲ ਨਜਿੱਠਣ ਸਬੰਧੀ ਇਜ਼ਰਾਇਲ ਵਿੱਚ ਅਤਿ ਆਧੁਨਿਕ ਸਿਖਲਾਈ ਪ੍ਰਾਪਤ ਕਰਨ ਲਈ ਭੇਜਿਆ ਜਾਵੇ। ਬੁਲਾਰੇ ਨੇ ਕਿਹਾ ਕਿ ਐਸ.ਪੀ.ਜੀ. ਦੀ ਸਥਾਪਨਾ ਬਾਰੇ ਰਸਮੀ ਪ੍ਰਸਤਾਵ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੌਰਾਨ ਰੱਖਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਵਿਚਾਰੇ ਗਏ ਪ੍ਰਸਤਾਵ ਅਨੁਸਾਰ ਐਸ.ਪੀ.ਜੀ. ਦੇ ਮੁਖੀ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਹੋਣਗੇ ਤੇ ਉਸ ਦੀ ਆਈ.ਜੀ. ਤੇ ਇਕ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਸਹਾਇਤਾ ਕਰਨਗੇ। ਬੁਲਾਰੇ ਅਨੁਸਾਰ ਐਸ.ਪੀ.ਜੀ.ਨੂੰ ਤਿੰਨ ਟੀਮਾਂ ਵਿੱਚ ਵੰਡੀਆ ਜਾਵੇਗਾ। ਹਰੇਕ ਟੀਮ ਦਾ ਆਗੂ ਐਸ.ਪੀ. ਰੈਂਕ ਦਾ ਅਧਿਕਾਰੀ ਹੋਵੇਗਾ ਜੋ 35 ਸਾਲ ਦੀ ਉਮਰ ਤੋਂ ਘੱਟ ਉਮਰ ਦਾ ਹੋਵੇਗਾ। ਇਸ ਟੀਮ ਵਿੱਚ ਡੀ.ਐਸ.ਪੀ. ਰੈਂਕ ਦੇ ਅਧਿਕਾਰੀ 30 ਸਾਲ ਤੋਂ ਘੱਟ ਉਮਰ ਦੇ ਹੋਣਗੇ ਜਦਕਿ ਓ.ਆਰ. 18 ਤੋਂ 25 ਸਾਲ ਦੀ ਉਮਰ ਵਿੱਚਕਾਰ ਹੋਣਗੇ।

ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਨਿਪਟਣ ਦੀ ਵਿਸ਼ੇਸ਼ ਮੁਹਾਰਤ ਹੋਵੇਗੀ। ਇਨ੍ਹਾਂ ਨੂੰ ਫੌਜ ਤੇ ਐਨ.ਐਸ.ਜੀ. ਦੋਵਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਇਸ ਸੁਝਾਅ ’ਤੇ ਸਹਿਮਤੀ ਪ੍ਰਗਟਾਈ ਕਿ ਇਸ ਟੀਮ ਦੀ ਕੋਰ ਯੂਨਿਟ ਇਜ਼ਰਾਇਲ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰੇ। ਕੈਪਟਨ ਨੇ ਐਸ.ਪੀ.ਜੀ. ਦੇ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਆਖਿਆ ਜੋ ਵੱਖ-ਵੱਖ ਪੁਲਿਸ ਵਿਭਾਗਾਂ ਵਿੱਚੋਂ ਲਏ ਜਾਣਗੇ। ਮੁੱਖ ਮੰਤਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਐਸ.ਪੀ.ਜੀ. ਵੱਲੋਂ ਆਪਣਾ ਰੂਪ ਗ੍ਰਹਿਣ ਕਰ ਲੈਣ ਤੋਂ ਬਾਅਦ ਕਮਾਂਡੋਜ਼ ਤੇ ਸਵੈਟ ਵਰਗੀਆਂ ਹੋਰ ਵਿਸ਼ੇਸ਼ ਸਿਖਲਾਈ ਪ੍ਰਾਪਤ ਯੂਨਿਟਾਂ ਨੂੰ ਇਸ ਵਿੱਚ ਮਿਲਾ ਦਿੱਤਾ ਜਾਵੇ। ਬੁਲਾਰੇ ਨੇ ਕਿਹਾ ਕਿ ਵਧੀਆ ਹੁਨਰ ਅਕਰਸ਼ਿਤ ਕਰਨ ਦੇ ਵਾਸਤੇ ਐਸ.ਪੀ.ਜੀ. ਵਿੱਚ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਸ਼ਾਮਲ ਹੋਣਗੇ, ਉਨ੍ਹਾਂ ਨੂੰ ਵੱਧ ਤਨਖਾਹ, ਰਾਸ਼ਨ ਤੇ ਹੋਰ ਭੱਤਿਆਂ ਤੋਂ ਇਲਾਵਾ ਹਰੇਕ ਲਈ 1 ਕਰੋੜ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਪੀ.ਜੀ. ਦੇ ਮੈਂਬਰਾਂ ਨੂੰ ਵਧੀਆ ਡਾਕਟਰੀ ਬੀਮਾ ਵੀ ਦਿੱਤੇ ਜਾਣ ਦਾ ਸੁਝਾਅ ਦਿੱਤਾ ਹੈ।

ਮੀਟਿੰਗ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਪੰਜਾਬ ਵਿੱਚ ਅੱਤਵਾਦ ਦਾ ਪਿਛਲਾ ਇਤਿਹਾਸ ਹੋਣ ਤੋਂ ਇਲਾਵਾ ਤੇ ਇਸ ਦੀ ਲੰਮੀ ਤੇ ਨਾਜ਼ੁਕ ਸਰਹੱਦ ਹੈ ਜਿਸ ਕਰਕੇ ਇਸ ਤਰ੍ਹਾਂ ਦੀ ਫੋਰਸ ਸਥਾਪਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀ ਨੇ ਇਕ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਅੱਤਵਾਦੀਆਂ ਨਾਲ ਸੰਪਰਕ ਰੱਖਣ ਵਾਲੇ ਸ਼ੱਕੀਆਂ ਦੀਆਂ ਗ੍ਰਿਫਤਾਰੀਆਂ ਹੋਣ ਤੇ ਹਥਿਆਰ ਤੇ ਬਾਰੂਦ ਪ੍ਰਾਪਤ ਹੋਣ ਦੇ ਮੱਦੇਨਜ਼ਰ ਐਸ.ਪੀ.ਜੀ. ਦੀ ਜ਼ਰੂਰਤ ਹੈ ਜੋ ਹਥਿਆਰਬੰਦ ਬਗਾਵਤਾਂ ਨੂੰ ਅਸਫਲ ਬਣਾਉਣ ਤੋਂ ਇਲਾਵਾ ਫਿਦਾਇਨ ਹਮਲਿਆਂ, ਹਥਿਆਰਬੰਦ ਘੁਸਪੈਠ, ਬੰਦੀ ਬਣਾਉਣ ਦੀਆਂ ਸਥਿਤੀਆਂ, ਹਵਾਈ ਜਹਾਜ਼ ਅਗਵਾ ਕਰਨ ਤੇ ਅਹਿਮ ਸਥਾਨਾਂ ’ਤੇ ਹਮਲਿਆਂ ਦਾ ਢੁਕਵਾਂ ਜਵਾਬ ਦੇ ਸਕੇ।

ਮੀਟਿੰਗ ਦੌਰਾਨ ਦੱਸਿਆ ਕਿ ਇਹ ਟੀਮ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋਵੇਗੀ ਜਿਨ੍ਹਾਂ ਵਿੱਚ ਐਲ.ਐਮ.ਜੀ. ਤੇ ਐਮ.ਪੀ.-5 ਮਸ਼ੀਨ ਗੰਨਾਂ ਅਤੇ ਸਨਾਈਪਰ ਰਾਇਫਲਾਂ ਸ਼ਾਮਲ ਹੋਣਗੀਆਂ। ਹਥਿਆਰਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਫੋਰਸ ਨੂੰ ਵਧੀਆ ਸਨਾਈਪਰ ਰਾਇਫਲਾਂ ਦਿੱਤੀਆਂ ਜਾਣ ਤੇ ਉਨ੍ਹਾਂ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵਧੀਆ ਹੋਰ ਉਪਲਬਧ ਪੱਖਾਂ ’ਤੇ ਵੀ ਧਿਆਨ ਦੇਣ ਲਈ ਆਖਿਆ।

Be the first to comment

Leave a Reply

Your email address will not be published.


*