ਹਰਮਨਪ੍ਰੀਤ ਕੌਰ 27 ਲੱਖ ਦਾ ਜੁਰਮਾਨੇ ਤੋਂ ਰਾਹਤ ਦਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਪਿਊਸ਼ ਗੋਇਲ ਨੂੰ ਲਿਖਿਆ ਪੱਤਰ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਚੱਕੀ ਵਿਚਕਾਰ ਫਸ ਗਈ ਹੈ। ਹਰਮਨ ਨੂੰ ਰੇਲਵੇ ਦੀ ਨੌਕਰੀ ਛੱਡਣ ‘ਤੇ 27 ਲੱਖ ਦਾ ਜੁਰਮਾਨੇ ਤੋਂ ਰਾਹਤ ਦਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਦੇ ਕਿਹਾ ਕਿ ਰੇਲਵੇ ਨੂੰ ਪੰਜਾਬ ਦੀ ਹੋਣਹਾਰ ਖਿਡਾਰਨ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੇਂਦਰ ਦੀ ਨੌਕਰੀ ਕਿਸੇ ਪ੍ਰਾਈਵੇਟ ਨੌਕਰੀ ਲਈ ਨਹੀਂ ਬਲਕਿ ਪੰਜਾਬ ਸਰਕਾਰ ਦੀ ਨੌਕਰੀ ਲਈ ਛੱਡ ਰਹੀ ਹੈ। ਕ੍ਰਿਕਟ ਵਿੱਚ ਨਾਮਣਾ ਖੱਟਣ ਵਾਲੀ ਇਹ ਖਿਡਾਰਣ ਇਨਾਮ ਦੀ ਹੱਕਦਾਰ ਹੈ ਅਤੇ ਇਹ ਜ਼ੁਰਮਾਨਾ ਉਸ ਲਈ ਸਜ਼ਾ ਹੋਵੇਗੀ। ਮੁੱਖ ਮੰਤਰੀ ਨੇ ਪੱਤਰ ‘ਚ ਰੇਲਵੇ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਹਰਮਨਪ੍ਰੀਤ ਨੂੰ ਨੀਤੀਆਂ ਤੋਂ ਰਾਹਤ ਦਿੱਤੀ ਜਾਵੇ ਤੇ ਉਸ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਗੁਜ਼ਾਰਿਸ਼ ਕੀਤੀ। ਹਰਮਨ ਦੇ ਕਿਹਾ ਕਿ ਇਸ ਉਲਝਣ ਦੇ ਚਲਦਿਆਂ ਉਹ ਨਾ ਰੇਲਵੇ ਦੀ ਮੁਲਾਜ਼ਮ ਹੈ ਤੇ ਨਾ ਹੀ ਪੰਜਾਬ ਪੁਲਿਸ ਦੀ। ਪਿਛਲੇ ਪੰਜ ਮਹੀਨੇ ਤੋਂ ਹਰਮਨ ਦੀ ਤਨਖਾਹ ਰੇਲਵੇ ਵਲੋਂ ਰੋਕ ਦਿੱਤੀ ਗਈ ਹੈ। ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਬੀਤੇ ਵਰ੍ਹੇ ਇੰਗਲੈਂਡ ‘ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੌਰਾਨ ਸੁਰਖੀਆਂ ‘ਚ ਆਈ ਸੀ। ਹਰਮਨਪ੍ਰੀਤ ਨੇ ਸੈਮੀਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਖਿਲਾਫ਼ ਨਾਬਾਦ 171 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਸੀ।

Be the first to comment

Leave a Reply