ਹਰਸਿਮਰਤ ਬਾਦਲ ਨੇ ਮੰਗਿਆ ਮਨਪ੍ਰੀਤ ਬਾਦਲ ਦਾ ਅਸਤੀਫਾ

ਜਲਾਲਾਬਾਦ (ਸੇਤੀਆ) : ਉਪਮੰਡਲ ਦੇ ਅਧੀਨ ਪੈਂਦੇ ਪਿੰਡ ਜੰਡਵਾਲਾ ਭੀਮੇ ਸ਼ਾਹ ਦੇ ਗੁਰਦੁਆਰਾ ਸਾਹਿਬ ‘ਚ ਨੰਨੀ ਛਾਂ ਪ੍ਰੋਗਰਾਮ ਦੇ ਤਹਿਤ ਲੜਕੀਆਂ ਨੂੰ ਪੈਰਾਂ ‘ਤੇ ਖੜ੍ਹੇ ਕਰਨ ਦੇ ਮਕਸਦ ਨਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਚੇਚੇ ਤੌਰ ‘ਤੇ ਪਹੁੰਚੇ। ਜਿੰਨ੍ਹਾਂ ਕਰੀਬ 192 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਨਾਲ ਹੀ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਪੌਦੇ ਵੀ ਵੰਡੇ। ਇਸ ਮੌਕੇ ਹਲਕਾ ਇੰਚਾਰਜ ਸਤਿੰਦਰ ਸਿੰਘ ਮੰਟਾ, ਗੁਰਪਾਲ ਸਿੰਘ ਗਰੇਵਾਲ ਜਿਲਾ ਪ੍ਰਧਾਨ ਦੇਹਾਤ ਮੰਡਲ, ਜੈਸਰਤ ਸਿੰਘ ਸੰਧੂ,  ਪੂਰਨ ਚੰਦ ਮੁਜੈਦੀਆ, ਲਖਵਿੰਦਰ ਸਿੰਘ ਰੋਹੀਵਾਲਾ, ਗੁਰਮੇਜ ਸਿੰਘ ਸੰਧੂ, ਸੁਖਜਿੰਦਰ ਸਿੰਘ ਭੁੱਲਰ ਮੌਜੂਦ ਸਨ।
ਇਸ ਦੌਰਾਨ ਜਦੋਂ ਮੀਡੀਆ ਵਲੋਂ ਹਾਲ ਹੀ ਵਿਚ ਮੋਜੂਦਾ ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਆਮ ਬਜਟ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਬਜਟ ਵਿਚ ਕੋਈ ਵੀ ਰਾਹਤ ਨਹੀਂ ਹੈ ਅਤੇ ਸਲਾਨਾ ਇਨਕਮ ਟੈਕਸ ਦੇਣ ਵਾਲਿਆਂ ਵੀ 200 ਰੁਪਏ ਪ੍ਰਤੀ ਮਹੀਨਾ ਟੈਕਸ ਲਗਾਉਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫੰਡ ਇਕੱਠਾ ਕਰਨ ਲਈ ਫਿਜ਼ੂਲ ਟੈਕਸ ਲਗਾ ਕੇ ਲੋਕਾਂ ‘ਤੇ ਬੋਝ ਪਾ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਵਿੱਤ ਮੰਤਰੀ ਤੇ ਵਰ੍ਹਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਉਕਤ ਜੋ ਬਜਟ ਪੇਸ਼ ਕੀਤਾ ਗਿਆ ਇਸ ਵਿੱਚ ਬਿਨਾ ਪਲਾਨਿੰਗ ਤੋਂ ਹੀ ਲੋਕਾਂ ਤੇ ਟੈਕਸ ਦਾ ਬੋਝ ਵਧਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੱਖ-ਵੱਖ ਪਿੰਡਾਂ ਵਿਚ ਸਿਲਾਈ ਸੈਂਟਰਾਂ ਨੂੰ ਚਾਲੂ ਕਰਵਾਇਆ ਗਿਆ ਹੈ ਅਤੇ ਬੀਤੇ 6 ਮਹੀਨਿਆਂ ਦੇ ਸਮੇਂ ਦੌਰਾਨ ਜੰਡਵਾਲਾ ਭੀਮੇ ਸ਼ਾਹ ਅਤੇ ਇਸ ਦੇ ਆਸ-ਪਾਸ ਪਿੰਡਾਂ ‘ਚ ਸਿਲਾਈ ਦੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ ਪਰ ਸਮਾਜ ਵਿਚ ਲੜਕੀਆਂ ਪ੍ਰਤੀ ਹੀਣ ਭਾਵਨਾ ਅਜੇ ਵੀ ਭਰੂਣ ਹੱਤਿਆ ਨੂੰ ਜਨਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਸਾਲ ਪਹਿਲਾਂ ਨੰਨੀ ਛਾਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਅਤੇ ਪੰਜਾਬ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਸੰਖਿਆ ਬਹੁਤ ਘੱਟ ਸੀ ਪਰ ਅੱਜ ਲੜਕੀਆਂ ਦੀ ਸੰਖਿਆ ਦੇ ਅਨੁਪਾਤ ਵਿਚ ਵਾਧਾ ਹੋਇਆ ਹੈ।