ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਨੂੰ ਸ਼ਰੇਆਮ ਬਚਾਉਣ ਦਾ ਯਤਨ

ਚੰਡੀਗੜ੍ਹ   – ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਇੰਜੀਨੀਅਰ ਸਰਬਜੀਤ ਸਿੰਘ ਸੋਹਲ, ਸਰਬਜੀਤ ਸਿੰਘ ਜੰਮੂ, ਐਡਵੋਕੇਟ ਜਸਬੀਰ ਸਿੰਘ ਘੁੰਮਣ ਅਤੇ ਸਤਨਾਮ ਸਿੰਘ ਕੰਡਾ ਨੇ ਸਾਂਝੇ ਬਿਆਨ ਵਿਚ ਹਰਿਆਣਾ ਸਰਕਾਰ ਅਤੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਸ਼ਰੇਆਮ ਇਕ ਆਈ. ਏ. ਐੱਸ. ਅਫਸਰ ਦੀ ਬੇਟੀ ਨਾਲ ਛੇੜਛਾੜ, ਦੁਰਵਿਵਹਾਰ ਅਤੇ ਅਗਵਾ ਕਰਨ ਦਾ ਯਤਨ ਕਰਨ ਵਾਲੇ ਦੋਸ਼ੀ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਨੂੰ ਸ਼ਰੇਆਮ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਜੇਕਰ ਉਸ ਰਾਤ ਇਸ ਤਰ੍ਹਾਂ ਦੇ ਕੇਸ ਵਿਚ ਹਰਿਆਣਾ ਭਾਜਪਾ ਪ੍ਰਧਾਨ ਦੀ ਬੇਟੀ ਹੁੰਦੀ ਤੇ ਆਈ. ਏ. ਐੱਸ. ਅਫਸਰ ਦਾ ਬੇਟਾ ਹੁੰਦਾ ਤਾਂ ਭਾਜਪਾ ਲੀਡਰਸ਼ਿਪ ਨੇ ਹੁਣ ਤੱਕ ਅਸਮਾਨ ਸਿਰ ‘ਤੇ ਚੁੱਕ ਲੈਣਾ ਸੀ। ਉਨ੍ਹਾ ਕਿਹਾ ਕਿ ਹਰਿਆਣਾ ਵਿਚ ਹੀ ਇਕ ਭਾਜਪਾ ਲੀਡਰ ਨੇ ਇਕ ਐਂਬੂਲੈਂਸ ਨੂੰ ਅੱਧਾ ਘੰਟਾ ਰੋਕੀ ਰੱਖਿਆ, ਜਿਸ ਕਰਕੇ ਮਰੀਜ਼ ਦਮ-ਤੋੜ ਗਿਆ। ਇਸ ਭਾਜਪਾ ਲੀਡਰ ‘ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਹੱਥੋਂ ਉਸ ਰਾਤ ਚੰਡੀਗੜ੍ਹ ਵਿਚ ਪੀੜਤ ਲੜਕੀ ਦੀ ਮੌਤ ਹੋ ਜਾਂਦੀ ਜਾਂ ਉਹ ਲੜਕੀ ਦੀ ਇੱਜ਼ਤ ਨਾਲ ਖੇਡ ਜਾਂਦੇ ਤਾਂ ਚੰਡੀਗੜ੍ਹ ਵਿਚ ਦਿੱਲੀ ਵਾਂਗ ਦੂਸਰਾ ਨਿਰਭੈ ਕਾਂਡ ਵਾਪਰ ਜਾਣਾ ਸੀ। ਸਾਰੇ ਦੇਸ਼ ਅੰਦਰ ਭਾਜਪਾ ਲੀਡਰਸ਼ਿਪ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਕਾਂਡ ਦੇ ਮੁੱਖ ਦੋਸ਼ੀਆਂ ਵਿਰੁੱੁਧ ਕੋਈ ਢਿਲ-ਮੱਠ ਵਰਤੀ ਗਈ ਤਾਂ ਭਵਿੱਖ ਵਿਚ ਗੁੰਡਾ-ਅਨਸਰਾਂ ਤੇ ਇਸ ਤਰ੍ਹਾਂ ਦੇ ਸਿਆਸੀ ਲੋਕਾਂ ਦੇ ਵਿਗੜੇ ਹੋਏ ਕਾਕਿਆਂ ਨੂੰ ਲੋਕਾਂ ਦੀਆਂ ਬੇਟੀਆਂ ਦੀ ਇੱਜ਼ਤ-ਆਬਰੂ ਨਾਲ ਖੇਡਣ ਦੀ ਖੁੱਲ੍ਹੀ ਛੁੱਟੀ ਮਿਲ ਜਾਵੇਗੀ।

Be the first to comment

Leave a Reply