ਹਸਪਤਾਲ ‘ਚ ਔਰਤ ਦੀ ਮੌਤ, ਰਿਸ਼ਤੇਦਾਰਾਂ ਨੇ ਕਿਹਾ ਵੈਂਟੀਲੇਟਰ ‘ਚ ਸੀ ਕਾਕਰੋਚ

ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ, ਉਸ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਔਰਤ ਨੂੰ ਜੋ ਵੈਂਟੀਲੇਟਰ ਲਗਾਇਆ ਗਿਆ ਸੀ, ਉਸ ‘ਚ ਜ਼ਿੰਦਾ ਕਾਕਰੋਚ ਸੀ, ਸ਼ਾਇਦ ਇਸੇ ਕਾਰਨ ਉਹ ਸਾਹ ਨਹੀਂ ਲੈ ਸਕੀ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਹਸਪਤਾਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਪੰਚਵਟੀ ਇਲਾਕੇ ਦੀ ਵਾਸੀ ਅੰਜਲੀ ਬੈਰਾਗੀ ਨੇ ਜ਼ਹਿਰ ਖਾ ਲਿਆ ਸੀ, ਜਿਸ ਤੋਂ ਬਾਅਦ 17 ਅਪ੍ਰੈਲ ਨੂੰ ਉਸ ਨੂੰ ਅੜਗਾਓਂ ਇਲਾਕੇ ‘ਚ ਡਾ. ਵਸੰਤਰਾਵ ਪਵਾਰ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਔਰਤ ਦੇ ਰਿਸ਼ਤੇਦਾਰਾਂ ਨੇ ਹਸਪਤਾਲ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਅਨੁਸਾਰ ਵੈਂਟੀਲੇਟਰ ਦੇ ਅੰਦਰ ਜ਼ਿੰਦਾ ਕਾਕਰੋਚ ਸੀ।
ਹਸਪਤਾਲ ਮਰਾਠਾ ਵਿਦਿਆ ਪ੍ਰਸਾਰਕ ਸਮਾਜ ਵੱਲੋਂ ਸੰਚਾਲਤ ਹੈ। ਔਰਤ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਔਰਤ ਦੇ ਬੇਟੇ ਧੀਰਜ ਬੈਰਾਗੀ ਨੇ ਕਿਹਾ,”ਐਤਵਾਰ ਰਾਤ ਮਾਂ ਦੀ ਮੌਤ ਤੋਂ ਬਾਅਦ ਅਸੀਂ ਦੇਖਿਆ ਕਿ ਵੈਂਟੀਲੇਟਰ ਦੀ ਟਿਊਬ ਦੇ ਅੰਦਰ ਕਾਕਰੋਚ ਸੀ। ਇਹ ਹੋਰ ਕੁਝ ਨਹੀਂ ਸਗੋਂ ਹਸਪਤਾਲ ਦੀ ਲਾਪਰਵਾਹੀ ਹੈ। ਪੋਸਟਮਾਰਟ ਰਿਪੋਰਟ ‘ਚ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।” ਹਸਪਤਾਲ ਦੇ ਡਾਕਟਰ ਅਜੀਤ ਪਾਟਿਲ ਨੇ ਕਿਹਾ,”ਔਰਤ ਦੀ ਐਤਵਾਰ ਰਾਤ 9.30 ਵਜੇ ਮੌਤ ਹੋ ਗਈ, ਜਿਸ ਤੋਂ ਬਾਅਦ ਅਸੀਂ ਵੈਂਟੀਲੇਟਰ ਬੰਦ ਕਰ ਦਿੱਤਾ। ਇਸ ਦੇ ਕਰੀਬ ਇਕ ਘੰਟੇ ਬਾਅਦ ਔਰਤ ਦੇ ਪਰਿਵਾਰ ਵਾਲਿਆਂ ਨੇ ਵੈਂਟੀਲੇਟਰ ‘ਤੇ ਕਾਕਰੋਚ ਦੇਖਿਆ।” ਉਨ੍ਹਾਂ ਨੇ ਕਿਹਾ ਕਿ ਕਾਕਰੋਚ ਦਾ ਵੈਂਟੀਲੇਟਰ ਦੇ ਅੰਦਰ ਜ਼ਿੰਦਾ ਰਹਿਣਾ ਅਸੰਭਵ ਹੈ।