ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ, ਅਕਾਲੀ ਆਗੂ ਰੋਮਾਣਾ ਵੱਲੋਂ

ਫ਼ਰੀਦਕੋਟ (ਹਾਲੀ) – ਨਗਰ ਕੌਂਸਲ ਦੀ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਸਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਉਪਰ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਸਿਆਸੀ ਸ਼ਹਿ ਕਾਰਨ ਕੀਤੇ ਜਾ ਰਹੇ ਕਬਜ਼ੇ ਦੇ ਮਾਮਲੇ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਹਲਕੇ ਦੇ ਮੁੱਖ ਸੇਵਾਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਲੈ ਕੇ ਜਾਣਗੇ ਤੇ ਇਸ ਸਬੰਧੀ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਉਹ ਕਾਂਗਰਸੀ ਆਗੂਆਂ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਜਗ੍ਹਾ ਦੇ ਐਲਾਟੀਆਂ ਨੂੰ ਵੀ ਪਾਰਟੀ ਬਣਾਉਣਗੇ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਲਖਵੀਰ ਸਿੰਘ ਅਰਾਈਆਂਵਾਲਾ, ਨਵਦੀਪ ਸਿੰਘ ਬੱਬੂ ਬਰਾੜ, ਮੱਘਰ ਸਿੰਘ, ਰਮਨਦੀਪ ਸਿੰਘ ਜਿੰਮੀ ਭੋਲੂਵਾਲਾ, ਗੁਰਮੀਤ ਸਿੰਘ ਸੰਧੂ, ਸਰਬਦੀਪ ਸਿੰਘ ਜਿਪਸੀ, ਬਲਜਿੰਦਰ ਸਿੰਘ ਧਾਲੀਵਾਲ, ਵਿਜੈ ਛਾਬੜਾ, ਆਸ਼ੂ ਅਗਰਵਾਲ, ਵਿਕਾਸ ਵਿੱਕੀ, ਐਡਵੋਕੇਟ ਅਨੰਦਪਾਲ ਬਰਾੜ, ਅਸ਼ੋਕ ਕੁਮਾਰ ਬੰਟੀ, ਅਵਤਾਰ ਸਿੰਘ ਖੋਸਾ, ਮਹੇਸ਼ ਸਕਸੈਨਾ, ਰਘਬੀਰ ਸਿੰਘ, ਬੀਕਾ ਰੋਮਾਣਾ ਤੋਂ ਇਲਾਵਾ ਹੋਰ ਕਈ ਨਗਰ ਕੌਂਸਲਰ ਤੇ ਅਕਾਲੀ ਆਗੂ ਮੌਜੂਦ ਸਨ।
ਬੰਟੀ ਰੋਮਾਣਾ ਨੇ ਨਗਰ ਕੌਂਸਲ ਤੋਂ ਇਸ ਜਗ੍ਹਾ ਸਬੰਧੀ ਪ੍ਰਾਪਤ ਕੀਤੇ ਕਈ ਕਾਗਜ਼ਾਤ ਦਿਖਾਉਂਦਿਆਂ ਦੱਸਿਆ ਕਿ ਸੁਤੰਤਰਤਾ ਸੰਗਰਾਮੀ ਪਰਿਵਾਰ ਨੂੰ ਅਲਾਟ ਹੋਈ ਇਹ ਜਗ੍ਹਾ ਬਿਨਾਂ ਕੌਂਸਲ ਦੀ ਮਨਜ਼ੂਰੀ ਲਿਆ ਕਈ ਵਾਰ ਹਲਫ਼ੀਆਂ ਬਿਆਨਾਂ ਦੇ ਆਧਾਰ ‘ਤੇ ਅੱਗੇ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਨਗਰ ਕੌਂਸਲ ਦੇ ਅਧਿਕਾਰੀ ਤੇ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਇਨ੍ਹਾਂ ਸਾਰੇ ਕਾਗਜ਼ਾਂ ਨੂੰ ਆਧਾਰ ਬਣਾ ਕੇ ਅਦਾਲਤ ਜਾਣਗੇ ਤਾਂ ਕਿ ਜਨਤਕ ਜਾਇਦਾਦ ਉਪਰ ਕਬਜ਼ਾ ਹੋਣ ਤੋਂ ਰੋਕਿਆ ਜਾ ਸਕੇ ਤੇ ਇਹ ਜਗ੍ਹਾ ਪਾਰਦਰਸ਼ੀ ਢੰਗ ਨਾਲ ਅਲਾਟ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਕੁਝ ਵਿਅਕਤੀ ਕੋਟਕਪੂਰਾ ਰੋਡ ‘ਤੇ ਸਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਉਪਰ ਕਥਿਤ ਤੌਰ ‘ਤੇ ਕਬਜ਼ਾ ਕਰਨ ਲਈ ਇਥੇ ਬਣੀ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਇਸ ਦਾ ਮਲਬਾ ਚੁੱਕ ਰਹੇ ਸਨ, ਜਿਸ ਦਾ ਪਤਾ ਲੱਗਣ ‘ਤੇ ਅਕਾਲੀ ਆਗੂਆਂ ਦੀ ਸ਼ਿਕਾਇਤ ਕਾਰਨ ਪ੍ਰਸ਼ਾਸਨ ਤੇ ਨਗਰ ਕੌਂਸਲ ਨੇ ਕਾਰਵਾਈ ਕਰਦਿਆਂ ਮੌਕੇ ਤੋਂ ਟਰੈਕਟਰ-ਟਰਾਲੀ ਅਤੇ ਹੋਰ ਸਾਧਨ ਪੁਲਸ ਹਵਾਲੇ ਕੀਤੇ ਹਨ ਤੇ ਕਬਜ਼ਾ ਕਰਨ ਵਾਲੇ ਅੱਧੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਸਨ। ਹਾਲਾਂਕਿ ਇਸ ਮਾਮਲੇ ਵਿਚ ਕਾਂਗਰਸੀ ਆਗੂ ਆਪਣੀ ਸਫ਼ਾਈ ਦੇ ਚੁੱਕੇ ਹਨ ਕਿ ਉਨ੍ਹਾਂ ਦਾ ਇਸ ਜਾਇਦਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਇਥੇ ਕੀਤੀ ਗਈ ਕਾਨਫ਼ਰੰਸ ਵਿਚ ਕਬਜ਼ਾਧਾਰਕਾਂ ਦੀਆਂ ਫ਼ੋਟੋਆਂ ਰਿਲੀਜ਼ ਕਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਮਾਮਲੇ ਵਿਚ ਕਾਂਗਰਸੀਆਂ ਦਾ ਸਿੱਧੇ ਤੌਰ ‘ਤੇ ਦਖਲ ਹੈ।

Be the first to comment

Leave a Reply