ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਨੌਜਵਾਨ ਦੀ ਮੌਤ

ਮੌੜ ਮੰਡੀ  – ਮੌੜ-ਰਾਮਪੁਰਾ ਸੜਕ ’ਤੇ ਪਿੰਡ ਕੁੱਤੀਵਾਲ ਤੇ ਢੱਡੇ ਵਿਚਕਾਰ ਸਥਿਤ ਮਾਲਵਾ ਪੈਲੇਸ ਨੇੜੇ ਬਿਜਲੀ ਮੁਲਾਜ਼ਮ ਦੀ ਕਥਿਤ ਅਣਗਹਿਲੀ ਕਾਰਨ ਇੱਕ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ। ਪੋਤਰੇ ਦੀ ਮੌਤ ਦੇ ਸਦਮੇ ਕਾਰਨ ਦਾਦੇ ਨੇ ਵੀ ਦਮ ਤੋੜ ਦਿੱਤਾ। ਅੱਜ ਸਵੇਰ ਪਿੰਡ ਢੱਡੇ ਦੇ ਲੋਕ ਦਾਦੇ-ਪੋਤੇ ਦੀ ਮੌਤ ਲਈ ਜ਼ਿੰਮੇਵਾਰ ਸਬੰਧਿਤ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਥਾਣਾ ਬਾਲਿਆਂਵਾਲੀ ਪਹੁੰਚੇ। ਇਸ ਦੌਰਾਨ ਇੱਕ ਏ.ਐਸ.ਆਈ. ਦੇ ਕਥਿਤ ਦੁਰਵਿਵਹਾਰ ਤੋਂ ਅੱਕੇ ਪਿੰਡ ਵਾਸੀਆਂ ਨੇ ਮੌੜ-ਰਾਮਪੁਰਾ ਸੜਕ ’ਤੇ ਜਾਮ ਲਗਾ ਦਿੱਤਾ। ਉਹ ਥਾਣਾ ਬਾਲਿਆਂਵਾਲੀ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਮੌਕੇ ’ਤੇ ਪਹੁੰਚੇ ਥਾਣਾ ਮੌੜ ਦੇ ਮੁਖੀ ਰਛਪਾਲ ਸਿੰਘ ਨੇ ਪਿੰਡ ਵਾਸੀਆਂ ਦੀ ਮੰਗ ’ਤੇ ਏਐਸਆਈ ਸੁਰਜੀਤ ਸਿੰਘ ਨੂੰ ਲਾਈਨਹਾਜ਼ਰ ਕਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਬਿਜਲੀ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply