ਹਿੰਦੁ ਨੇਤਾ ਦੁਰਗਾ ਦਾਸ ਗੁਪਤਾ ਕਤਲ ਕੇਸ ‘ਚ ਐੱਨ. ਆਈ. ਏ. ਵਲੋਂ ਮੋਹਾਲੀ ਸਥਿਤ ਅਦਾਲਤ ‘ਚ ਪੇਸ਼ ਜਗਤਾਰ ਸਿੰਘ ਜੱਗੀ

ਮੋਹਾਲੀ   – ਹਿੰਦੁ ਨੇਤਾ ਦੁਰਗਾ ਦਾਸ ਗੁਪਤਾ ਕਤਲ ਕੇਸ ‘ਚ ਐੱਨ. ਆਈ. ਏ. ਵਲੋਂ ਮੋਹਾਲੀ ਸਥਿਤ ਅਦਾਲਤ ‘ਚ ਪੇਸ਼ ਕੀਤੇ ਗਏ ਮੁਲਜ਼ਮ ਜਗਤਾਰ ਸਿੰਘ ਜੱਗੀ ਜੌਹਲ ਤੋਂ ਟਾਰਗੈੱਟ ਕਿਲਿੰਗ ਦੇ ਅਹਿਮ ਖੁਲਾਸੇ ਹੋ ਰਹੇ ਹਨ । ਐੱਨ. ਆਈ. ਏ. ਦੇ ਅਹਿਮ ਸੂਤਰਾਂ ਦੀ ਜਾਣਕਾਰੀ ਮੁਤਾਬਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸੀ । ਉਸ ਨੂੰ ਮਾਰਨ ਦੀ ਯੋਜਨਾ ਜੱਗੀ ਜੌਹਲ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇਕ ਮੈਂਬਰ ਹਰਮਿੰਦਰ ਸਿੰਘ ਮਿੰਟੂ ਨੇ ਸਾਲ 2012 ਵਿਚ ਉਸ ਸਮੇਂ ਬਣਾਈ ਸੀ, ਜਦੋਂ ਉਹ ਦੋਵੇਂ ਫ਼ਰਾਂਸ ‘ਚ ਮਿਲੇ ਸਨ । ਇਸ ਤੋਂ ਇਲਾਵਾ ਕੁਝ ਹੋਰ ਰਾਜਨੀਤਕ ਵਿਅਕਤੀ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ । ਇਕ ਅਧਿਕਾਰੀ ਨੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਡੇਰਾ ਮੁਖੀ ਨੂੰ ਮਾਰਨ ਦੀ ਯੋਜਨਾ ‘ਤੇ ਕੰਮ ਕੀਤਾ ਜਾਂਦਾ ਰਿਹਾ ਅਤੇ ਇਸ ਕਾਰਨ ਕੁਝ ਯੂਰਪੀ ਦੇਸ਼ਾਂ ਤੋਂ ਫੋਰਸ ਦੇ ਕੁਝ ਵੱਡੇ ਲੀਡਰ ਵੀ ਜੱਗੀ ਦੇ ਸੰਪਰਕ ‘ਚ ਸਨ । ਮਿੰਟੂ ਪਿਛਲੇ ਸਾਲ ਨਾਭਾ ਜੇਲ ਬ੍ਰੇਕ ਕਾਂਡ ਦੇ ਉਨ੍ਹਾਂ ਮੁਲਜ਼ਮਾਂ ‘ਚੋਂ ਇਕ ਸੀ, ਜੋ ਵਿੱਕੀ ਗੌਂਡਰ ਨਾਲ ਜੇਲ ਬ੍ਰੇਕ ਕਰ ਕੇ ਫਰਾਰ ਹੋ ਗਏ ਸਨ । ਬਾਅਦ ਵਿਚ ਮਿੰਟੂ ਨੂੰ ਦਿੱਲੀ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ । ਜੌਹਲ ਤੋਂ ਐੱਨ. ਆਈ. ਏ. ਵਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਸ ਦੇ ਬੈਂਕ ਅਕਾਊਂਟਸ ਵੀ ਖੰਗਾਲੇ ਜਾਣਗੇ ਅਤੇ ਪਤਾ ਲਾਇਆ ਜਾਵੇਗਾ ਕਿ ਉਸ ਦੇ ਵਿਦੇਸ਼ਾਂ ‘ਚ ਕਿਸ-ਕਿਸ ਅੱਤਵਾਦੀ ਸੰਗਠਨ ਨਾਲ ਸਬੰਧ ਸਨ ।ਪੰਜਾਬ ਵਿਚ ਹਿੰਦੁ ਨੇਤਾਵਾਂ ਦੇ ਹੋ ਰਹੇ ਕਤਲਾਂ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਐੱਨ. ਆਈ. ਏ. ਵਲੋਂ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਅੱਜ ਇਥੇ ਐੱਨ. ਆਈ. ਏ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ ।

Be the first to comment

Leave a Reply