ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਮੁਲਜ਼ਮ ਵਿਸ਼ਾਲ ਨੂੰ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਸਣੇ ਗ੍ਰਿਫ਼ਤਾਰ ਕੀਤਾ

ਅੰਮ੍ਰਿਤਸਰ-  ਪੁਲਿਸ ਮੁਤਾਬਕ ਜਦੋਂ ਵਿਪਨ ਸ਼ਰਮਾ ਦਾ ਕਤਲ ਹੋਇਆ ਸੀ, ਉਸ ਵੇਲੇ ਵਿਸ਼ਾਲ ਸ਼ਰਮਾ ਵੀ ਉੱਥੇ ਇੱਕ ਮੋਟਰਸਾਈਕਲ ‘ਤੇ ਮੌਜੂਦ ਸੀ। ਉਸ ਨੇ ਕਾਤਲਾਂ ਨੂੰ ਉੱਥੋਂ ਭਜਾਉਣ ਵਿੱਚ ਮਦਦ ਕੀਤੀ ਸੀ।ਦੂਜੇ ਗ੍ਰਿਫ਼ਤਾਰ ਮੁਲਜ਼ਮ ਕੁੰਵਰਬੀਰ ਸਿੰਘ ਉਰਫ ਕੈਮੀ ‘ਤੇ ਇਲਜ਼ਾਮ ਹੈ ਕਿ ਉਸ ਨੇ ਕਤਲ ਦੀ ਘਟਨਾ ਤੋਂ ਬਾਅਦ ਸ਼ੁਭਮ, ਸਾਰਜ ਤੇ ਗਿਫ਼ਟੀ ਨੂੰ ਪੰਜਾਬ ਤੋਂ ਬਾਹਰ ਭੇਜਣ ਵਿੱਚ ਮਦਦ ਕੀਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਨੇ ਅੱਜ ਇਸ ਬਾਰੇ ਦੱਸਿਆ ਕਿ ਹਿੰਦੂ ਨੇਤਾ ਦੇ ਕਤਲ ਨੂੰ ਕੁੱਲ ਚਾਰ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਵਿਸ਼ਾਲ ਵੀ ਸ਼ਾਮਲ ਸੀ।ਦੱਸਣਯੋਗ ਹੈ ਕੇ ਜਦੋਂ ਵਿਪਨ ਸ਼ਰਮਾ ਦਾ ਕਤਲ ਹੋਇਆ ਤਾਂ ਸੀਸੀਟੀਵੀ ਵਿੱਚ ਕੈਦ ਦੋ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸਨ। ਉਨ੍ਹਾਂ ਦੋਹਾਂ ਮੁਲਜ਼ਮਾਂ ਦੇ ਨਾਮ ਸ਼ੁਭਮ ਤੇ ਸਾਰਜ ਮਿੰਟੂ ਹਨ। ਪੁਲਿਸ ਮੁਤਾਬਕ ਦੋ ਮੋਟਰਸਾਈਕਲਾਂ ‘ਤੇ ਚਾਰ ਨੌਜਵਾਨ ਵਿਪਨ ਦਾ ਕਤਲ ਕਰਨ ਲਈ ਪਹੁੰਚੇ ਸਨ। ਇੱਕ ਮੋਟਰਸਾਈਕਲ ਵਿਸ਼ਾਲ ਚਲਾ ਰਿਹਾ ਸੀ ਤੇ ਦੂਜਾ ਗਿਫ਼ਟੀ। ਜਦੋਂ ਸਾਰਜ ਤੇ ਸ਼ੁਭਮ ਵਿਪਨ ਦਾ ਕਤਲ ਕਰਨ ਲਈ ਅੱਗੇ ਗਏ ਤਾਂ ਗਿਫ਼ਟੀ ਤੇ ਵਿਸ਼ਾਲ ਨੇ ਮੋਟਰਸਾਈਕਲ ਸਟਾਰਟ ਰੱਖੇ ਤੇ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਹਾਂ ਮੁਲਜ਼ਮਾਂ ਨੂੰ ਉੱਥੋਂ ਲੈ ਕੇ ਫਰਾਰ ਹੋ ਗਏ।ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸ਼ੁਭਮ ਸ਼ਰਮਾ ਇੱਕ ਗੈਂਗਸਟਰ ਹੈ ਤੇ ਉਹ ਕੁਝ ਮਹੀਨੇ ਪਹਿਲਾਂ ਪੇਸ਼ੀ ‘ਤੇ ਆਉਣ ਸਮੇਂ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ ਸੀ। ਉਸ ਦਾ ਪਿਤਾ ਪੁਲਿਸ ਵਿੱਚ ਹੌਲਦਾਰ ਸੀ ਤੇ ਉਸ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਸ਼ੁਭਮ ਨੇ ਆਪਣੇ ਪਿਤਾ ਦੇ ਕਤਲ ਦਾ ਬਲਦਾ ਲੈਣ ਲਈ ਹੀ ਸਾਰਜ ਨਾਲ ਮਿਲਕੇ ਵਿਪਨ ਸ਼ਰਮਾ ਦਾ ਕਤਲ ਕੀਤਾ ਹੈ।

Be the first to comment

Leave a Reply