ਹੁਣ ਦਾਹੜੀ ਵਾਲੇ ਵੀ ਉਡਾਉਣਗੇ ਕੈਨੇਡਾ ਦੇ ਜਹਾਜ਼, ਸਿੱਖਾਂ ਲਈ ਰਾਹ ਹੋਇਆ ਪੱਧਰਾ

ਟੋਰਾਂਟੋ – ਹਾਲ ਹੀ ਵਿਚ ਕੈਨੇਡਾ ‘ਚ ਹੋਏ ਇੱਕ ਅਧਿਐਨ ਦੇ ਸਿੱਟੇ ਤੋਂ ਬਾਅਦ ਸਿੱਖਾਂ ਅਤੇ ਹੋਰਨਾਂ ਦਾਹੜੀ ਰੱਖਣ ਵਾਲੇ ਵਿਅਕਤੀਆਂ ਲਈ ਕੈਨੇਡਾ ‘ਚ ਪਾਇਲਟ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ, ਏਅਰ ਕੈਨੇਡਾ ਨੇ ਆਪਣੇ ਏਅਰ ਕਰੂ ਨੂੰ ਵੱਧ ਤੋਂ ਵੱਧ 1.25 ਸੈਂਟੀਮੀਟਰ ਲੰਬੀ ਦਾਹੜੀ ਰੱਖਣ ਦੀ ਇਜਾਜ਼ਤ ਦਿੱਤੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਹ ਅਧਿਐਨ ਇਹ ਪਤਾ ਲਗਾਉਣ ਲਈ ਕੀਤਾ ਗਿਆ ਸੀ ਕਿ, ਕੀ ਆਕਸੀਜਨ ਦੀ ਸਪਲਾਈ ਮਾਸਕ ਸਿਰਫ ਦਾਹੜੀ ਤੋਂ ਬਗੈਰ ਜਾਂ ਫਿਰ ਕਲੀਨ ਸ਼ੇਵ ‘ਤੇ ਅਸਰਦਾਰ ਤਰੀਕੇ ਨਾਲ ਕੰਮ ਕਰਦੀ ਹੈ। ਸੀਬੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਸਿੱਖ ਪਾਇਲਟ ਦੁਆਰਾ ਅਰਜ਼ੀ ਮਿਲਣ ਤੋਂ ਬਾਅਦ ਏਅਰ ਕੈਨੇਡਾ ਵੱਲੋਂ ਦਾੜ੍ਹੀ ਵਾਲੇ ਪਾਇਲਟਾਂ ‘ਤੇ ਅਧਿਐਨ ਸ਼ੁਰੂ ਕੀਤਾ ਗਿਆ ਸੀ। ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ, ਯੂਨੀਵਰਸਿਟੀ ਦੇ ਖੋਜਕਾਰਾਂ ਨੂੰ ਇਕ ਹੋਰ ਸਿੱਖ ਪਾਇਲਟ ਦੁਆਰਾ ਸੰਪਰਕ ਕੀਤਾ ਗਿਆ ਸੀ ਜਿਸਦੀ ਦਾਹੜੀ ਕਾਰਨ ਉਸਦੀ ਨੌਕਰੀ ਪ੍ਰਭਾਵਿਤ ਹੋਈ ਸੀ।