ਹੁਣ ਪੰਜਾਬ ਦੇ ਨੌਜਵਾਨਾਂ ਨੂੰ ਸੂਬਾ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ

ਮੋਹਾਲੀ :- ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਅਕਸਰ ਪੰਜਾਬ ਦੇ ਨੌਜਵਾਨਾਂ ‘ਚ ਪਰਦੇਸ ਜਾਣ ਦੀ ਦੌੜ ਲੱਗੀ ਹੋਈ ਹੈ, ਜਿਸ ਕਾਰਨ ਪਰਦੇਸੀ ਪੁੱਤਾਂ ਨੂੰ ਮਿਲਣ ਲਈ ਮਾਵਾਂ ਕਈ-ਕਈ ਸਾਲ ਤਰਸਦੀਆਂ ਰਹਿੰਦੀਆਂ ਹਨ ਪਰ ਹੁਣ ਇਨ੍ਹਾਂ ਨੌਜਵਾਨਾਂ ਨੂੰ ਸੂਬਾ ਛੱਡ ਕੇ ਬਾਹਰ ਜਾਣ ਦੀ ਲੋੜ ਹੀ ਨਹੀਂ ਪਵੇਗੀ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ 5 ਸਾਲਾਂ ਦੌਰਾਨ ਪੰਜਾਬੀ ਨੌਜਵਾਨਾਂ ਲਈ 25 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਤਾਂ ਜੋ ਉਹ ਆਪਣੇ ਪਰਿਵਾਰ ਦੀਆਂ ਅੱਖਾਂ ਅੱਗੇ ਰਹਿ ਕੇ ਹੀ ਤਰੱਕੀ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਮੌਕੇ ਪੈਦਾ ਕਰੇਗੀ ਕਿ ਕਿਸੇ ਨੌਜਵਾਨ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀਂ ਪਵੇਗੀ। ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਇੰਡੀਅਨ ਸਕੂਲ ਆਫ ਬਿਜ਼ਨੈੱਸ (ਆਈ. ਐੱਸ. ਬੀ.) ‘ਚ ‘ਆਪਣੀ ਗੱਡੀ, ਆਪਣਾ ਰੁਜ਼ਗਾਰ’ ਯੋਜਨਾ ਤਹਿਤ ਉਬਰ ਮੋਟੋ ਸੇਵਾ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਨੇ 100 ਮੋਟਰਸਾਈਕਲਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਉਨ੍ਹਾਂ ਕਿਹਾ ਕਿ ਉਪਰੋਕਤ ਸਕੀਮ ਤਹਿਤ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਆਪਣੇ ਵਾਅਦੇ ਅਨੁਸਾਰ ਇਹ ਯੋਜਨਾ ਸ਼ੁਰੂ ਕੀਤੀ ਹੈ। ਲੋਕਾਂ ਨੂੰ ਇਸ ਸਰਵਿਸ ਨਾਲ ਬਹੁਤ ਫਾਇਦਾ ਹੋਵੇਗਾ ਕਿਉਂਕਿ ਜਿੱਥੇ ਚਾਰ ਪਹੀਆ ਵਾਹਨ ਨਹੀਂ ਪਹੁੰਚ ਸਕਦੇ, ਉਥੇ ਦੋ ਪਹੀਆ ਵਾਹਨ ਆਸਾਨੀ ਨਾਲ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਗਾਰ ਲਈ ਪੰਜਾਬੀਆਂ ਨੂੰ ਵਿਦੇਸ਼ਾਂ ਵੱਲ ਭੱਜਣਾ ਪੈਂਦਾ ਹੈ, ਸਾਨੂੰ ਆਪਣੇ ਸਿਸਟਮ ਨੂੰ ਬਦਲਣਾ ਪਵੇਗਾ।

Be the first to comment

Leave a Reply