ਹੁਣ ਰਜਦੇ-ਪੁਜਦੇ ਪਰਿਵਾਰ ਰਹਿਣਗੇ ਆਟਾ-ਦਾਲ ਯੋਜਨਾ ਤੋਂ ਵਾਂਝੇ

ਘੱਗਾ  -ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵੇਲੇ ਆਟਾ-ਦਾਲ ਯੋਜਨਾ ਦਾ ਲਾਭ ਲੈਣ ਵਾਲੇ ਜ਼ਮੀਨ-ਜਾਇਦਾਦਾਂ ਦੇ ਮਾਲਕ ਹੁਣ ਇਸ ਯੋਜਨਾ ਤੋਂ ਬਾਹਰ ਹੋ ਜਾਣਗੇ। ਮੌਜੂਦਾ ਸਰਕਾਰ ਵੱਲੋਂ ਨਵੇਂ ਸਿਰਿਓਂ ਕਰਵਾਈ ਜਾ ਰਹੀ ਕਾਂਟ-ਛਾਂਟ ਵਿਚ ਅਜਿਹੇ ਲੋਕਾਂ ਨੂੰ ਛਾਂਗ ਕੇ ਸਿਰਫ ਲੋੜਵੰਦ ਪਰਿਵਾਰ ਹੀ ਰੱਖੇ ਜਾਣਗੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਦੇਣ ਦੇ ਨਾਲ ਹੀ ਚਾਹ-ਪੱਤੀ ਅਤੇ ਖੰਡ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਹਲਕਾ ਸ਼ੁਤਰਾਣਾ ਵਿਚ ਸੈਂਕੜੇ ਅਜਿਹੇ ਪਰਿਵਾਰ ਆਟਾ-ਦਾਲ ਯੋਜਨਾ ਦਾ ਲਾਭ ਲੈ ਰਹੇ ਸਨ, ਜਿਨ੍ਹਾਂ ਨੂੰ ਸਮਾਜਿਕ ਤੌਰ ‘ਤੇ ਰਜਦੇ-ਪੁਜਦੇ ਪਰਿਵਾਰ ਮੰਨਿਆ ਜਾਂਦਾ ਹੈ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਹੀ ਚੱਲ ਰਹੇ ਆਟਾ-ਦਾਲ ਯੋਜਨਾ ਵਾਲੇ ਰਾਸ਼ਨ ਕਾਰਡਾਂ ਦੀ ਕਾਂਟ-ਛਾਂਟ ਕਰ ਕੇ ਸਿਰਫ ਲੋੜਵੰਦ ਪਰਿਵਾਰ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਵੋਟਾਂ ਲੈਣ ਜਾਂ ਫਿਰ ਕਿਸੇ ਹੋਰ ਲਾਭ ਦੀ ਖਾਤਰ ਬਣਾਏ ਗਏ ਖਾਂਦੇ-ਪੀਂਦੇ ਪਰਿਵਾਰਾਂ ਦੇ ਰਾਸ਼ਨ ਕਾਰਡ ਬੰਦ ਕੀਤੇ ਜਾਣਗੇ।
ਅਜਿਹੇ ਪਰਿਵਾਰਾਂ ਦਾ ਜ਼ਿਆਦਾਤਰ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਖੁੱਲ੍ਹੀ ਮੰਡੀ ਵਿਚ ਹੀ ਵੇਚ ਦਿੱਤਾ ਜਾਂਦਾ ਸੀ ਜਾਂ ਫਿਰ ਖੁਦ ਹੀ ਪਰਿਵਾਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਨੂੰ ਘਰ ਲਿਜਾਣ ਦੀ ਬਜਾਏ ਆਟਾ ਚੱਕੀਆਂ ‘ਤੇ ਵੇਚ ਦਿੰਦੇ ਸਨ। ਪਿਛਲੇ ਮਹੀਨੇ ਰਾਸ਼ਨ ਡਿਪੂਆਂ ‘ਤੇ ਆਈ ਮਾਂਹ ਦੀ ਦਾਲ ਵੀ ਕਥਿਤ ਤੌਰ ‘ਤੇ ਗਾਇਬ ਹੋ ਗਈ ਸੀ। ਇਸ ਕਰ ਕੇ ਸਰਕਾਰ ਵੱਲੋਂ ਇਸ ਯੋਜਨਾ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਨਵੇਂ ਸਿਰੇ ਤੋਂ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਅਕਾਲੀ ਸਰਕਾਰ ਦੀ ਆਟਾ-ਦਾਲ ਯੋਜਨਾ ਦੇ ਮੁਕਾਬਲੇ ਵਿੱਚ ਕਾਂਗਰਸ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਖੰਡ ਤੇ ਚਾਹ-ਪੱਤੀ ਵੀ ਦੇਣ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲੇਗਾ। ਰਜਦੇ-ਪੁਜਦੇ ਪਰਿਵਾਰ ਇਸ ਯੋਜਨਾ ਤੋਂ ਦੂਰ ਹੋ ਜਾਣਗੇ।

Be the first to comment

Leave a Reply