ਹੇਲਸਿੰਕੀ ਤੋਂ ਬਾਅਦ ਹੁਣ ਅਮਰੀਕਾ ਵਿਚ ਹੋਵੇਗੀ ਪੁਤਿਨ ਅਤੇ ਟਰੰਪ ਦੀ ਮੁਲਾਕਾਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮਿਕਰ ਪੁਤਿਨ ਨੇ ਹੇਲਸਿੰਕੀ ਵਿਚ ਹੋਈ ਮੁਲਾਕਾਤ ‘ਤੇ ਆਲੋਚਨਾਵਾਂ ਦਾ ਸਿਲਸਿਲਾ ਅਜੇ ਚਲ ਹੀ ਰਿਹਾ ਸੀ ਕਿ ਟਰੰਪ ਨੇ ਹੁਣ ਵਾਸ਼ਿੰਗਟਨ ਵਿਚ ਪੁਤਿਨ ਦੀ ਮੇਜ਼ਬਾਨੀ ਕਰਨ ਦਾ ਨਵਾਂ ਸ਼ਿਗੁਫਾ ਛੱਡ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਪੁਤਿਨ ਦੇ ਵਾਸ਼ਿੰਗਟਨ ਆਉਣ ਨੂੰ ਲੈ ਕੇ ਗੱਲਬਾਤ ਦਾ ਦੌਰ ਜਾਰੀ ਹੈ। ਵਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਟਵੀਟ ਕੀਤਾ ਕਿ ਦੋਵੇਂ ਨੇਤਾਵਾਂ ਦੇ ਵਿਚ ਅਗਲੀ ਮੁਲਾਕਾਤ ਛੇਤੀ ਹੋਣ ਦੀ ਸੰਭਾਵਨਾ ਹੈ। ਇਸ ਹਫ਼ਤੇ ਪੁਤਿਨ ਦੇ ਨਾਲ ਬੈਠਕ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਟਰੰਪ ਨੂੰ ਵਿਰੋਧੀ ਧਿਰ ਦੇ ਨਾਲ ਨਾਲ ਅਪਣੀ ਪਾਰਟੀ ਅਤੇ ਸਮਰਥਕਾਂ ਦੀ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਰਥਕ ਅਤੇ ਵਿਰੋਧੀ ਦੋਵਾਂ ਨੂੰ ਹੀ ਲੱਗਦਾ ਹੈ ਕਿ ਪੁਲਿਸ ਦੇ ਨਾਲ ਗੱਲਬਾਤ ਦੌਰਾਨ ਟਰੰਪ ਨੇ 2016 ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲਅੰਦਾਜ਼ੀ ਦੀ ਗੱਲ ਅਤੇ ਇਸ ਸਬੰਧ ਵਿਚ ਅਮਰੀਕੀ ਖੁਫ਼ੀਆ ਏਜੰਸੀਆਂ ਦੇ ਆਕਲਨ ਨੂੰ ਤਵੱਜੋ ਨਹੀਂ ਦਿੱਤੀ। ਦੋਸ਼ੀਆਂ ਤੋਂ ਬਾਅਦ ਟਰੰਪ ਅਤੇ ਵਾਈਟ ਹਾਊਸ ਵਲੋਂ ਦਿੱਤੀ ਜਾ ਰਹੀ ਸਫਾਈ ਨੇ ਅਜੀਬੋ ਗਰੀਬ ਹਾਲਾਤ ਪੈਦਾ ਕਰ ਦਿੱਤੇ ਹਨ। ਰਾਸ਼ਟਰਪਤੀ ਅਤੇ ਉਨ੍ਹਾਂ ਦੇ ਦਫ਼ਤਰ ਵਲੋਂ ਜਾਰੀ ਬਿਆਨਾਂ ਵਿਚ ਲਗਾਤਾਰ ਵਿਰੋਧਾਭਾਸ ਨਜ਼ਰ ਆ ਰਿਹਾ ਹੈ। ਹਾਲਾਂਕਿ ਟਰੰਪ ਨੇ ਇਨ੍ਹਾਂ ਸਾਰੀ ਗੱਲਾਂ ਤੋਂ ਪੱਲਾ ਝਾੜ ਲਿਆ ਹੈ ਅਤੇ ਇਸ ਨੂੰ ਫੇਕ ਨਿਊਜ਼ ਮੀਡੀਆ ਦਾ ਕੀਤਾ ਧਰਿਆ ਦੱਸਿਆ ਜੋ ਉਨ੍ਹਾਂ ਦੀ ਉਪਲਬਧੀਆਂ ਦੀ ਪਛਾਣ ਨਹੀਂ ਕਰ ਪਾ ਰਹੀ ਹੈ।