ਜ਼ਮੀਨੀ ਵੱਟ ਵੱਢਣ ਨੂੰ ਲੈ ਕੇ ਚਲਾਈ ਗੋਲੀ ਨੌਜਵਾਨ ਗੰਭੀਰ ਜ਼ਖਮੀ

ਸਮਾਣਾ, ਬਾਰਨ-ਸਮਾਣਾ ਹਲਕੇ ਅਧੀਨ ਆਉਂਦੇ ਪਿੰਡ ਹਰੀਨਗਰ ਖੇੜਕੀ ਵਿਖੇ ਬੀਤੇ ਦਿਨੀਂ ਜ਼ਮੀਨੀ ਵੱਟ ਵੱਢਣ ਨੂੰ ਲੈ ਕੇ ਚਲਾਈ ਗੋਲੀ ਦੌਰਾਨ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਜ਼ਖ਼ਮੀ ਹੋ ਗਿਆ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਦੀ ਲੱਤ ਨੂੰ ਕੱਟਣਾ ਹੀ ਠੀਕ ਸਮਝਿਆ ਤਾਂ ਜੋ ਉਸ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਦੂਜੇ ਪਾਸੇ ਜਿਥੇ ਪਰਿਵਾਰਕ ਮੈਂਬਰ ਨੌਜਵਾਨ ਦੀ ਲੱਤ ਕੱਟਣ ਕਾਰਨ ਸਦਮੇ ਵਿਚ ਹਨ, ਉਥੇ ਉਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ‘ਤੇ ਰੋਸ ਪ੍ਰਗਟਾਇਆ ਅਤੇ ਸਿਆਸੀ ਦਬਾਅ ਕਾਰਨ ਪੁਲਸ ‘ਤੇ ਹਾਲੇ ਤੱਕ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।
ਦੱਸਣਯੋਗ ਹੈ ਕਿ ਜ਼ਮੀਨੀ ਵੱਟ ਵੱਢਣ ਤੋਂ ਰੋਕਣ ‘ਤੇ ਸੁਰਜੀਤ ਸਿੰਘ ਪੁੱਤਰ ਮੁਕੰਦ ਸਿੰਘ ਦੇ ਘਰ ਪੁਲਸ ਮੁਤਾਬਕ ਕੁਲਵਿੰਦਰ ਸਿੰਘ ਉਰਫ਼ ਗੋਲੀ ਪੁੱਤਰ ਹਰਦੀਪ ਸਿੰਘ, ਹਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਨੇ ਉਨ੍ਹਾਂ ਦੇ ਘਰ ਜਾ ਕੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਲਵਿੰਦਰ ਸਿੰਘ ਉਰਫ਼ ਗੋਲੀ ਕੋਲੋਂ 12 ਬੋਰ ਦੀ ਬੰਦੂਕ ਸੀ, ਜਿਸ ਨਾਲ ਉਨ੍ਹਾਂ ਸੁਰਜੀਤ ਸਿੰਘ ਦੇ ਘਰ ਹਵਾਈ ਫਾਇਰਿੰਗ ਵੀ ਕੀਤੀ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਇਕ ਫਾਇਰ ਸੁਰਜੀਤ ਸਿੰਘ ਦੇ ਪੁੱਤਰ ਜਰਨੈਲ ਸਿੰਘ ਦੀ ਲੱਤ ਵਿਚ ਜਾ ਲੱਗਾ, ਜਿਸ ‘ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜਦੋਂ ਰਾਜਿੰਦਰਾ ਦਾਖਲ ਕੀਤਾ ਗਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਇਨਫੈਕਸ਼ਨ ਕਾਰਨ ਉਸ ਦੀ ਲੱਤ ਕੱਟ ਦਿੱਤੀ। ਭਾਵੇਂ ਪੁਲਸ ਵੱਲੋਂ ਕੁਲਵਿੰਦਰ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੌਕੇ ‘ਤੇ ਵਰਤੀ ਗਈ 12 ਬੋਰ ਦੀ ਬੰਦੂਕ ਸਮੇਤ ਕੁਲਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਕੁਝ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਜਲਦ ਹੋਵੇਗੀ। ਜਰਨੈਲ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਅਜੇ ਵੀ 2 ਦੋਸ਼ੀ ਪੁਲਸ ਦੀ ਪਕੜ ਤੋਂ ਬਾਹਰ ਹਨ। ਪੁਲਸ ਉਨ੍ਹਾਂ ‘ਤੇ ਸਿਆਸੀ ਦਬਾਅ ਹੇਠ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੂਰੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਚੌਕੀ ਦਾ ਘਿਰਾਓ ਕਰਨਗੇ।

Be the first to comment

Leave a Reply