ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ

ਸੰਗਰੂਰ — ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਚੇਅਰਮੈਨ ਅਤੇ ਮੈਂਬਰ ਲੋਕ ਸਭਾ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੇਂਦਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਜ਼ਿਲੇ ‘ਚ ਸਫ਼ਲਤਾ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਸੁਨਾਮ ਅਮਨ ਅਰੋੜਾ, ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ ਵੀ ਹਾਜ਼ਰ ਸਨ। ਕੇਂਦਰੀ ਯੋਜਨਾਵਾਂ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਮੈਂਬਰ ਲੋਕ ਸਭਾ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਜਾਰੀ ਹੋਣ ਵਾਲੀ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।  ਉਨ੍ਹਾਂ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਵੱਖ-ਵੱਖ ਸੜਕਾਂ ਦੀ ਮੁਰੰਮਤ, ਜਲ ਸਪਲਾਈ ਤੇ ਸੀਵਰੇਜ ਬੋਰਡ, ਐੱਨ. ਆਰ. ਡੀ. ਡਬਲਿਊ. ਪੀ., ਵਿਸ਼ਵ ਬੈਂਕ ਦੀਆਂ ਸਕੀਮਾਂ, ਸਿੱਖਿਆ, ਸਿਹਤ ਸੇਵਾਵਾਂ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਡੀ. ਆਰ. ਡੀ. ਏ. ਐਡਮਿਨ ਸਕੀਮ, ਐਗਰੋਫਾਰੈਸਟਰੀ, ਮਗਨਰੇਗਾ, ਕੌਮੀ ਬਾਗਬਾਨੀ ਮਿਸ਼ਨ, ਆਜੀਵਿਕਾ, ਸਾਂਸਦ ਆਦਰਸ਼ ਗ੍ਰਾਮ ਯੋਜਨਾ, ਆਰਸੇਤੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਹੋਰ ਯੋਜਨਾਵਾਂ ਦੀ ਪ੍ਰਗਤੀ ਅਤੇ ਉਪਰਾਲਿਆਂ ਦਾ ਜਾਇਜ਼ਾ ਲਿਆ।  ਇਸ ਮੌਕੇ ਨੈਸ਼ਨਲ ਹਾਈਵੇ 71 ‘ਤੇ ਨਦਾਮਪੁਰ ਦੇ ਕੋਲ ਪਿੰਡ ਰਾਜਪੁਰਾ ਅਤੇ ਈਲਵਾਲ ਤੇ ਘਰਾਚੋਂ ਨੇੜੇ ਸੜਕੀ ਹਾਦਸਿਆਂ ਤੋਂ ਬਚਾਓ ਸਬੰਧੀ ਲੋਕਾਂ ਨਾਲ ਸਬੰਧਤ ਮੁੱਦੇ ਵੀ ਮੀਟਿੰਗ ਵਿਚ ਵਿਚਾਰੇ ਗਏ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਐਕਸੀਅਨ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਤਾਲਮੇਲ ਕੀਤਾ ਜਾਵੇ।  ਮੀਟਿੰਗ ਦੌਰਾਨ ਭਗਵੰਤ ਮਾਨ ਨੇ ਲੋਕਾਂ ਨੂੰ ਕੇਂਦਰ ਨਾਲ ਸਬੰਧਤ ਯੋਜਨਾਵਾਂ ਤਹਿਤ ਮੁਹੱਈਆ ਕਰਵਾਏ ਜਾ ਰਹੇ ਸਾਫ਼ ਪਾਣੀ, ਸੜਕਾਂ, ਸਫਾਈ ਵਿਵਸਥਾ, ਸੁਨਾਮ ‘ਚ ਪੇਂਡੂ ਬੱਸਾਂ ਦੇ ਰੂਟ, ਹਸਪਤਾਲਾਂ ‘ਚ ਇਲਾਜ ਸੁਵਿਧਾਵਾਂ ਸਮੇਤ ਹੋਰ ਮਾਮਲਿਆਂ ਬਾਰੇ ਵੀ ਜਾਇਜ਼ਾ ਲਿਆ।