ਫ਼ਰਦ ਕੇਂਦਰ ਦਾ ਸਰਵਰ ਡਾਊਨ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਸਰਕਾਰ ਹੋ ਰਿਹਾ ਨੁਕਸਾਨ।

ਭਦੌੜ – ਫ਼ਰਦ ਕੇਂਦਰ ਭਦੌੜ ਦਾ ਮੇਨ ਸਰਵਰ ਇੱਕ ਮਹੀਨੇ ਤੋਂ ਖ਼ਰਾਬ ਹੋਣ ਕਾਰਣ ਕੇਂਦਰ ਅਧੀਨ ਆਉਂਦੇ 24 ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਜਿੱਥੇ ਰਜਿਸਟਰੀਆਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ ਉਥੇ ਸਰਕਾਰ ਨੂੰ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਦਾ ਵੀ ਘਾਟਾ ਪੈ ਰਿਹਾ ਹੈ ਪਰ ਫ਼ਰਦ ਕੇਂਦਰ ਦੇ ਆਪਣੇ ਉੱਚ ਅਧਿਕਾਰੀਆਂ ਇਸ ਸਮੱਸਿਆਂ ਸਬੰਧੀ ਦੱਸਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਗਿਆ।
ਫ਼ਰਦ ਕੇਂਦਰ ਵਿੱਚ ਫ਼ਰਦ ਲੈਣ ਲਈ ਪੁੱਜੇ ਕਿਸਾਨ ਸੁਖਵੀਰ ਸਿੰਘ ਤਲਵੰਡੀ, ਰੇਸ਼ਮ ਸਿੰਘ, ਪ੍ਰਿਤਪਾਲ ਸਿੰਘ ਸੈਦੋਕੇ, ਬਲਵੀਰ ਸਿੰਘ ਭੋਤਨਾ, ਦਰਸ਼ਨ ਸਿੰਘ ਤਲਵੰਡੀ, ਜਗਰੂਪ ਸਿੰਘ ਅਤੇ ਮੇਵਾ ਸਿੰਘ ਸਹਿਣਾ ਨੇ ਦੱਸਿਆ ਕਿ ਅਸੀਂ ਦੋ ਹਫਤਿਆਂ ਤੋਂ ਫ਼ਰਦ ਲੈਣ ਲਈ ਗੇੜੇ ਮਾਰ ਰਹੇ ਹਾਂ ਪਰ ਫਰਦ ਕੇਂਦਰ ਦੇ ਕਰਮਚਾਰੀ ਕਦੇ ਸਰਵਨ ਖਰਾਬ ਕਦੇ ਡਾਊਨ ਹੋਣ ਕਾਰਨ ਫ਼ਰਦਾਂ ਨਾਲ ਦੇਣ ਤੋਂ ਆਨਾਕਾਰੀ ਕਰ ਰਹੇ ਹਨ। ਸੁਖਵੀਰ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਲਈ ਪਿਛਲੇ 15 ਦਿਨਾਂ ਤੋਂ ਗੇੜੇ ਮਾਰ ਰਿਹਾ ਹਾਂ ਪਰ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਬਾਰੇ ਜਦ ਰਣਦੀਪ ਕੌਰ ਸਹਾਇਕ ਸਿਸਟਮ ਮੈਨੇਜਰ ਫ਼ਰਦ ਕੇਂਦਰ ਭਦੌੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਸਰਵਰ ਬਹੁਤ ਹੀ ਜ਼ਿਆਦਾ ਪੁਰਾਣਾ ਹੈ, ਜੋ ਕਿ ਪਿਛਲੇ ਇੱਕ ਮਹੀਨੇ ਤੋਂ ਖ਼ਰਾਬ ਪਿਆ ਹੈ ਅਤੇ ਵਿੰਡੋ ਏ.ਸੀ. ਵੀ ਖ਼ਰਾਬ ਹੈ ਜਿਸ ਸਬੰਧੀ ਮੈਂ ਜ਼ਿਲ੍ਹਾ ਮਾਲ ਅਫ਼ਸਰ ਕਮ-ਕਾਰਜਕਾਰੀ ਅਫ਼ਸਰ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਬਰਨਾਲਾ ਨੂੰ ਪੱਤਰ ਜਾਰੀ ਕਰਕੇ ਸਾਰੀਆਂ ਸਮੱਸਿਆਵਾਂ ਬਾਰੇ ਦੱਸ ਚੁੱਕੀ ਹਾਂ, ਹੁਣ ਛੋਟੇ ਕੰਮਪਿਊਟਰ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਬਰਨਾਲਾ ਤੋਂ ਇੰਜਨੀਅਰ ਆ ਰਿਹਾ ਹੈ ਜੋ ਸਰਵਰ ਨੂੰ ਪੂਰੀ ਤਰਾਂ ਤਿਆਰ ਕਰ ਜਾਂਦਾ ਹੈ ਪਰ ਜਦੋਂ ਦੂਜੇ ਦਿਨ ਸਰਵਰ ਚਲਾਉਦੇ ਹਾਂ ਤਾਂ ਫਾਇਲ ਕਰੱਪਟ ਦਾ ਮੈਸੇਜ਼ ਆ ਕੇ ਸਾਰਾ ਡਾਟਾ ਡੈਮੇਜ਼ ਹੋ ਜਾਂਦਾ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਫ਼ਰਦ ਕੇਂਦਰ ਦੇ ਸਾਫ਼ਟਵੇਅਰ ਨਾਲ ਕਿਸੇ ਨੇ ਛੇੜਛਾੜ ਕੀਤੀ ਹੈ ਜਿਸ ਕਰਕੇ ਇਸ ਤਰਾਂ ਹੋ ਰਿਹਾ ਹੈ। ਇਸ ਸਬੰਧੀ ਮੈਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।