10 ਮੈਂਬਰਾਂ ਅੰਤਰਰਾਜੀ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 31 ਕਾਰਾਂ ਸਣੇ 4 ਕਾਬੂ

ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਰਹਿੰਦ ਦੀ ਟੀਮ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 10 ਮੈਂਬਰਾਂ ਵਿੱਚੋਂ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀਆਂ 3 ਫਾਰਚੂਨਰ, 6 ਇਨੋਵਾ, 3 ਵਰਨਾ, 2 ਬਲੈਰੋ, 8 ਸਵਿਫਟ ਕਾਰਾਂ, 5 ਸਵਿਫਟ ਡਿਜਾਇਰ, 2 ਕਰੂਜ ਕਾਰਾਂ, 1 ਸਫਾਰੀ ਤੇ ਇੱਕ ਆਈ. 20 ਸਮੇਤ ਕੁੱਲ 31 ਲਗਜ਼ਰੀ ਚੋਰੀ ਕੀਤੇ ਗਏ ਵਾਹਨ ਬਰਾਮਦ ਕੀਤੇ ਗਏ। ਇਹ ਜਾਣਕਾਰੀ ਪਟਿਆਲਾ ਜੋਨ ਦੇ ਆਈ.ਜੀ. ਸ. ਅਮਰਦੀਪ ਸਿੰਘ ਰਾਏ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਚਾਰ ਕਥਿਤ ਦੋਸ਼ੀਆਂ ਵੱਲੋਂ ਮੁਢਲੀ ਪੁੱਛਗਿਛ ਦੌਰਾਨ 56 ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਕਾਬੂ ਕੀਤੇ ਗਏ ਚਾਰ ਮੈਂਬਰਾਂ ਵਿੱਚ ਗਿਰੋਹ ਦਾ ਮੁਖੀ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ ਵਾਸੀ ਢਪੱਈ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਹਰਗੋਬਿੰਦ ਨਗਰ ਨੇੜੇ ਚਾਂਦ ਪੈਲੇਸ ਫਰੀਦਕੋਟ  ਵਿਖੇ ਰਹਿੰਦਾ ਹੈ, ਵੀ ਕਾਬੂ ਕੀਤਾ ਗਿਆ ਹੈ। ਸ੍ਰੀ ਰਾਏ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਐਸ.ਆਈ. ਹਰਮਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ (ਉਮਰ 46 ਸਾਲ) ਵਾਸੀ ਢਪੱਈ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਹਰਗੋਬਿੰਦ ਨਗਰ ਨੇੜੇ ਚਾਂਦ ਪੈਲੇਸ ਫਰੀਦਕੋਟ, ਸਿਮਰਜੀਤ ਸਿੰਘ ਉਰਫ ਜੱਗੀ ਪੁੱਤਰ ਜੀਤ ਸਿੰਘ ਵਾਸੀ ਬਲਵੀਰ ਬਸਤੀ ਨੇੜੇ ਨਹਿਰੂ ਸਟੇਡੀਅਮ ਫਰੀਦਕੋਟ (ਉਮਰ 24 ਸਾਲ) ਅਤੇ ਸੰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਨੇੜੇ ਚਾਂਦ ਪੈਲੇਸ ਨੇੜੇ ਫਰੀਦਕੋਟ ਵਾਲੀਆਂ ਨਹਿਰਾਂ ਥਾਣਾ ਸਦਰ ਕੋਤਵਾਲੀ ਫਰੀਦਕੋਟ (ਉਮਰ 22 ਸਾਲ) ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਵਾਹਨ ਚੋਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਸੂਚਨਾ ਮਿਲੀ ਸੀ ਕਿ ਉਕਤ ਬਲਵਿੰਦਰ ਸਿੰਘ ਦੇ ਨਾਲ ਹੋਰ ਮੈਂਬਰ ਵੀ ਰਲੇ ਹੋਏ ਹਨ ਜਿਨ੍ਹਾਂ ਰਾਹੀਂ ਉਹ ਗੱਡੀਆਂ ਚੋਰੀ ਕਰਵਾਉਂਦਾ ਹੈ ਅਤੇ ਚੋਰੀ ਕੀਤੇ ਵਾਹਨਾਂ ਨੂੰ ਬਲਵਿੰਦਰ ਸਿੰਘ ਖੁਦ ਆਪਣੇ ਸਾਥੀਆਂ ਮੋਨੂੰ ਵਾਸੀ ਚੰਡੀਗੜ੍ਹ, ਲਾਲੀ ਅਤੇ ਕੇਵਲ ਵਾਸੀਆਨ ਅੰਮ੍ਰਿਤਸਰ ਨਾਲ ਮਿਲ ਕੇ ਦੁਰਘਟਨਾ ਗ੍ਰਸਤ ਗੱਡੀਆਂ ਗਰੀਦ ਕੇ ਉਨ੍ਹਾਂ ਦੇ ਚੈਸੀ ਨੰਬਰ ਅਤੇ ਇੰਜਣ ਨੰਬਰ ਨੂੰ ਚੋਰੀ ਦੀ ਗੱਡੀ ‘ਤੇ ਟੈਂਪਰ ਕਰਕੇ ਉਸ ਨੂੰ ਐਕਸੀਡੈਂਡ ਗੱਡੀ ਦੇ ਕਾਗਜਾਤ ਦੇ ਆਧਾਰ ‘ਤੇ ਅਤੇ ਉਸ ਦਾ ਨੰਬਰ ਲਗਾ ਕੇ ਲੋਕਾਂ ਨੂੰ ਜਾਅਲਸਾਜੀ ਨਾਲ ਅੱਗੇ ਵੇਚ ਦਿੰਦੇ ਹਨ ਅਤੇ ਕਈ ਲੋਕਾਂ ਨੂੰ ਇਹ ਚੋਰੀ ਦੀਆਂ ਗੱਡੀਆਂ ਨੂੰ ਫਾਈਨਾਂਸ ਦੀਆਂ ਗੱਡੀਆਂ ਦੱਸ ਕੇ ਵੀ ਵੇਚ ਦਿੰਦੇ ਹਨ। ਆਈ.ਜੀ. ਰਾਏ ਨੇ ਦੱਸਿਆ ਕਿ ਇਹ ਚੋਰ ਗਿਰੋਹ ਅਕਸਰ ਪੰਜਾਬ, ਦਿੱਲੀ, ਯੂ.ਪੀ., ਮਹਾਂਰਾਸ਼ਟਰ, ਚੰਡੀਗੜ੍ਹ ਤੇ ਗੁੜਗਾਉਂ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦੇ ਸਨ ਤੇ ਵਾਇਆ ਸਰਹਿੰਦ-ਲੁਧਿਆਣਾ ਹੁੰਦੇ ਹੋਏ ਫਰੀਦਕੋਟ ਜਾਂਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਸੂਚਨਾਂ ਦੇ ਆਧਾਰ ‘ਤੇ ਥਾਣਾ ਸਰਹਿੰਦ ਵਿਖੇ ਇਨ੍ਹਾਂ ਵਿਰੁੱਧ ਧਾਰਾ 379,411,420,465,467,468,471 ਤੇ 120-ਬੀ ਅਧੀਨ ਮੁਕੱਦਮਾ ਨੰਬਰ 105 ਮਿਤੀ 23-7-17 ਨੂੰ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਿਤੀ 28-7-17 ਨੂੰ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਐਸ.ਆਈ. ਹਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਥਿਤ ਦੋਸ਼ੀ ਬਲਵਿੰਦਰ ਸਿੰਘ ਉਰਫ ਗਿਆਨੀ, ਸਿਮਰਜੀਤ ਸਿੰਘ ਉਰਫ ਜੱਗੀ ਅਤੇ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਸਿਟੀ ਤੋਂ ਅਟਾਰੀ ਬਾਰਡਰ ਨੂੰ ਜਾਂਦੀ ਸੜਕ ਤੋਂ ਇੱਕ ਚੋਰੀ ਕੀਤੀ ਸਫੇਦ ਰੰਗ ਦੀ ਇਨੋਵਾ ਕਾਰ ਜਿਸ ਵਿੱਚ ਇਨੋਵਾ ਦੀ ਅਸਲ ਆਰ.ਸੀ. ਅਤੇ ਕਥਿਤ ਦੋਸ਼ੀਆਂ ਵੱਲੋਂ ਤਿਆਰ ਕੀਤੀ ਜਾਅਲੀ ਆਰ.ਸੀ. ਵੀ ਸੀ, ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 9-8-17 ਨੂੰ ਉਕਤ ਕਥਿਤ ਦੋਸ਼ੀਆਂ ਨੇ ਆਪਣੇ ਸਾਥੀ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਕੀ ਬਡਾਲੀ ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਗਲੀ ਨੰਬਰ 1 ਹਾਊਸਿੰਗ ਬੋਰਡ ਕਲੌਨੀ ਫਿਰੋਜਪੁਰ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। ਸ੍ਰੀ ਰਾਏ ਨੇ ਅੱਗੇ ਦੱਸਿਆ ਕਿ ਪੁਲਿਸ ਰਿਮਾਂਡ ਵਿੱਚ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਅਤੇ ਲੋਕਾਂ ਨੂੰ ਧੋਖੇ ਨਾਲ ਵੇਚੀਆਂ ਗਈਆਂ 31 ਗੱਡੀਆਂ ਫਰੀਦਕੋਟ, ਖਰੜ ਜ਼ਿਲ੍ਹਾ ਮੋਹਾਲੀ, ਅੰਮ੍ਰਿਤਸਰ ਤੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਕੁਝ ਸਾਥੀ ਅਜੇ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵੀ ਚੋਰੀ ਦੇ ਵਾਹਨ ਬਰਾਮਦ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਜਾਂਚ ਵਿੱਚ ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ ਇਹ ਚੋਰੀ ਕੀਤੀਆਂ ਗੱਡੀਆਂ ਚੰਡੀਗੜ੍ਹ, ਮੋਹਾਲੀ, ਦਿੱਲੀ ਅਤੇ ਗੁੜਗਾਓਂ ਤੋਂ ਚੋਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਹੈ ਕਿ ਇਹ ਲਗਜ਼ਰੀ ਕਾਰਾਂ ਦੇ ਸੈਂਸਰ ਕੋਡ ਲੈਪਟਾਪ ਰਾਹੀਂ ਡਾਇਰੈਕਟ ਕਰਕੇ ਕਾਰਾਂ ਦੀ ਪਿਛਲੀ ਤਾਕੀ ਦਾ ਛੋਟਾ ਸ਼ੀਸ਼ਾ ਤੋੜ ਕੇ ਕਾਰ ਦਾ ਲੌਕ ਖੋਲ ਕੇ ਵਾਹਨ ਚੋਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਹੈ ਇਹ ਸਾਰੇ ਵਾਹਨ ਉਨ੍ਹਾਂ ਨੇ ਕਥਿਤ ਦੋਸ਼ੀ ਰਾਮਜੀਤ ਸਿੰਘ ਉਰਫ ਰਾਮ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ 17-ਏ, ਅਫਜਲ ਨਗਰ ਨਿਠੌਲੀ, ਨਾਗਲੋਈ ਦਿੱਲੀ ਅਤੇ ਉਸ ਦੇ ਸਾਥੀਆਂ ਦੀ ਮਦਦ ਨਾਲ ਚੋਰੀ ਕਰਦੇ ਹਨ। ਸ੍ਰੀ ਰਾਏ ਨੇ ਦੱਸਿਆ ਕਿ ਰਾਮਜੀਤ ਜੋ ਕਿ ਅਜੇ ਤੰਕ ਗ੍ਰਿਫਤਾਰ ਨਹੀਂ ਹੋ ਸਕਿਆ ਵਿਰੁੱਧ ਅਤੇ ਕਥਿਤ ਦੋਸ਼ੀ ਬਲਵਿੰਦਰ ਸਿੰਘ ਉਰਫ ਗਿਆਨੀ ਵਿਰੁੱਧ ਪਹਿਲਾਂ ਵੀ ਦਿੱਲੀ, ਚੰਡੀਗੜ੍ਹ, ਪੰਚਕੁਲਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵਹੀਕਲ ਚੋਰੀ ਸਬੰਧੀ ਮੁਕੱਦਮੇ ਚੱਲਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਬਲਵਿੰਦਰ ਸਿੰਘ ਨੇ ਬਾਬਾ ਫਰੀਦ ਮੋਟਰ ਦੇ ਨਾਮ ‘ਤੇ ਫਰੀਦਕੋਟ ਬਾਈਪਾਸ ਨੇੜੇ ਮੋਟਰ ਗੈਰਿਜ ਖੋਲਿਆ ਹੋਇਆ ਹੈ ਜਿਥੇ ਕਿ ਇਹ ਆਪਣੇ ਸਾਥੀਆਂ ਨਾਲ ਰਲ ਕੇ ਚੋਰੀ ਦੀਆਂ ਗੱਡੀਆਂ ਦੇ ਇੰਜਣ ਨੰਬਰ ਤੇ ਚੈਸੀ ਨੰਬਰ ਟੈਂਪਰ ਕਰਦਾ ਸੀ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਬਲਵਿੰਦਰ ਸਿੰਘ ਦੇ ਨਾਲ ਕੁਝ ਬੀਮਾ ਕੰਪਨੀਆਂ ਦੇ ਸਰਵੇਅਰਾਂ ਦੀ ਵੀ ਮਿਲੀ ਭੁਗਤ ਹੈ ਜੋ ਕਥਿਤ ਦੋਸ਼ੀ ਬਲਵਿੰਦਰ ਸਿੰਘ ਅਤੇ ਇਸ ਦੇ ਸਾਥੀ ਕਥਿਤ ਦੋਸ਼ੀਆਂ ਨੂੰ ਟੋਟਲ ਲੋਸਟ ਅਤੇ ਐਕਸੀਡੈਂਟ ਗੱਡੀਆਂ ਅਸਲ ਮਾਲਕਾਂ ਪਾਸੋਂ ਅਸਟਾਮ ਪੇਪਰ ਅਤੇ ਟਰਾਂਸਫਰ ਫਾਰਮ ‘ਤੇ ਦਸਤਖਤ ਕਰਵਾ ਕੇ ਬਿਨਾਂ ਖਰੀਦਦਾਰ ਦਾ ਨਾਮ ਲਿਖ ਕੇ ਵੇਚਦੇ ਸਨ। ਜਦੋਂ ਕਿ ਬੀਮਾ ਕੰਪਨੀ ਦੇ ਸਰਵੇਅਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਟੋਟਲ ਲੌਸਟ ਗੱਡੀਆਂ ਦਾ ਕਲੇਮ ਹੋਣ ਤੋਂ ਬਾਅਦ ਉਨ੍ਹਾਂ ਦੀ ਰਜਿਸ਼ਟਰੇਸ਼ਨ ਨੂੰ ਸਬੰਧਤ ਰਜਿਸਟਰੇਸ਼ਨ ਅਥਾਰਟੀ ਤੋਂ ਰੱਦ ਕਰਵਾਉਣ। ਉਨ੍ਹਾਂ ਹੋਰ ਦੱਸਿਆ ਕਿ ਤਫਤੀਸ਼ ਦੌਰਾਨ ਬੀਮਾ ਕੰਪਨੀਆਂ ਦੇ ਸਰਵੇਅਰ ਅਤੇ ਕਰਮਚਾਰੀ ਜੋ ਦੋਸ਼ੀ ਪਾਏ ਗਏ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾਂ ਹੈ। ਆਈ.ਜੀ. ਰਾਏ ਨੇ ਇਹ ਵੀ ਕਿਹਾ ਕਿ ਇਸ ਕੇਸ ਦੀ ਜਾਂਚ ਟੀਮ ਵੱਲੋਂ ਵਧੀਆ ਕਾਰਗੁਜਾਰੀ ਵਿਖਾਉਣ ਲਈ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਡੀ.ਆਈ.ਜੀ. ਰੋਪੜ ਰੇਂਜ ਸ੍ਰੀ ਬੀ.ਐਲ. ਮੀਨਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਐਸ.ਪੀ. (ਜਾਂਚ) ਸ. ਦਲਜੀਤ ਸਿੰਘ ਰਾਣਾ, ਐਸ.ਪੀ. (ਹੈ/ਕੁ) ਸ. ਸ਼ਰਨਜੀਤ ਸਿੰਘ, ਡੀ.ਐਸ.ਪੀ. (ਜਾਂਚ) ਸ੍ਰੀ ਦਲਜੀਤ ਸਿੰਘ ਖੱਖ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀ ਵਰਿੰਦਰਜੀਤ ਸਿੰਘ ਥਿੰਦ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

Be the first to comment

Leave a Reply