10 ਸਾਲਾਂ ਦੀ ਵਿਨਾਸ਼ਕਾਰੀ ਵਿਰਾਸਤ ਨੂੰ ਖਤਮ ਕਰਨ ਲਈ ਛੇ ਮਹੀਨੇ ਕਾਫੀ ਨਹੀਂ- ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਆਲੋਚਕਾਂ ਉੱਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਜੇ ਸੱਤਾ ਸੰਭਾਲੇ ਮੁਸ਼ਕਲ ਨਾਲ ਛੇ ਮਹੀਨੇ ਹੀ ਹੋਏ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਆਪਣੇ ਬਹੁਤ ਸਾਰੇ ਚੋਣ ਵਾਅਦਿਆਂ ਨੂੰ ਲਾਗੂ ਕਰ ਦਿੱਤਾ ਹੈ ਸਗੋਂ ਸੂਬੇ ਦੀ ਡਾਵਾਂਡੋਲ ਹੋਈ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਵੀ ਤੇਜ਼ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਹੈ ਕਿ ਸੂਬੇ ਨੂੰ ਗੰਭੀਰ ਵਿੱਤੀ ਸੰਕਟ ਵਿਚ ਸੁੱਟ ਦੇਣ ਤੋਂ ਬਾਅਦ ਹੁਣ ਅਕਾਲੀ ਆਗੂ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਵਜੋਂ ਘਟੀਆ ਸਿਆਸਤ ਉੱਤੇ ਉਤਰ ਆਏ ਹਨ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਸਿਆਸੀ ਫਿਲਾਸਫੀ ਹਮੇਸ਼ਾਂ ਹੀ ਨਾਕਾਰਾਤਮਿਕ ਰਹੀ ਹੈ ਅਤੇ ਇਹ ਪੰਜਾਬ ਚੋਣਾਂ ਵਿਚ ਵੱਡੀ ਢਾਹ ਲੱਗਣ ਦੇ ਬਾਵਜੂਦ ਲਗਾਤਾਰ ਇਸੇ ਸਿਆਸਤ ਵਿਚ ਗਲਤਾਨ ਹੋਈ ਪਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ ਜੋ ਕਿ ਇਸ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ 10 ਸਾਲ ਦੇ ਕੁਸ਼ਾਸਨ ਦੌਰਾਨ ਵਿਰਾਸਤ ਵਿਚ ਮਿਲਿਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਨੇ ਨਾ ਕੇਵਲ ਸੂਬੇ ਵਿਚ ਵਿਕਾਸ ਦੇ ਮੰਚ ਨੂੰ ਸਥਾਪਤ ਕੀਤਾ ਹੈ ਸਗੋਂ ਇਸ ਨੇ ਸੂਬੇ ਦੀ ਪ੍ਰਗਤੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਆਪਣੀ ਵਚਨਬੱਧਤਾ ਅਤੇ ਇੱਛਾ ਨੂੰ ਪ੍ਰਗਟਾਇਆ ਹੈ।
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਪਹਿਲਾਂ ਹੀ ਸ਼ੁਰੂ ਕੀਤੀ ਪ੍ਰਕ੍ਰਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ (ਐਫ.ਆਰ.ਬੀ.ਐਮ) ਐਕਟ, 2003 ਵਿਚ ਢਿੱਲ ਦਿੱਤੇ ਜਾਣ ਅਤੇ ਕਰਜ਼ੇ ਦੀ ਹੱਦ ਵਿਚ ਵਾਧਾ ਕੀਤੇ ਜਾਣ ਦੇ ਸਬੰਧ ਵਿਚ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਹੈ।

Be the first to comment

Leave a Reply