ਚਾਦਰ ਪਾ ਦਿਓ ” ਏਹਦਾ ਘਰਵਾਲਾ ਮਰ ਗਿਆ ” ਬੇਹੋਸ਼ੀ ਦੇ ਆਲਮ ਵਿੱਚ ਆਪਣੇ ਪਿਓ ਨਾਲ ਤੁਰੀ ਜਾ ਰਹੀ ਦੋ ਦਿਨ ਪਹਿਲਾਂ ਹੋਈ ਵਿਧਵਾ ਧੀਅ ਰਾਣੀ ਨੇ ਜਦੋਂ ਇਹ ਲਫ਼ਜ਼ ਆਪਣੇ ਪਿਓ ਦੇ ਮੂੰਹੋਂ ਸੁਣੇ ਤਾਂ ਜਿਵੇਂ ਰਾਣੀ ਨੂੰ ਲੱਗਿਆ ਉਸ ਨਾਲ ਸਦਾ ਤੋਂ ਉਸਨੂੰ ਲਾਡੋ ਧੀਅ ਕਹਿਣ ਵਾਲਾ ਪਿਓ ਨਹੀਂ ਸ਼ਾਇਦ ਕੋਈ ਅਣਜਾਣ ਵਿਅਕਤੀ ਸੀ , ਇਹ ਲਹੂ ਦੇ ਰਿਸ਼ਤੇ ਵੀ ਕਿੰਨੇ ਅਜੀਬ ਹੁੰਦੇ ਨੇ ਕੁੱਝ ਬੋਲਾਂ ਨਾਲ ਸੁਰਤ ਭੁਲਾ ਦਿੰਦੇ ਨੇ ਕੁੱਝ ਬੋਲਾਂ ਨਾਲ ਗਹਿਰੀ ਨੀਂਦ ਜੇਹੀ ਤੋਂ ਜਗਾ ਦਿੰਦੇ ਨੇ । ਸ਼ਾਇਦ ਰਿਸ਼ਤਿਆਂ ਦੀ ਹੋਂਦ ਸਮਾਜ ਨੇ ਆਪਣੀ ਹਉਮੇ ਆਪਣੀ ਸ਼ੌਹਰਤ ਆਪਣੀ ਇਜੱਤ ਆਪਣੀ ਜਿੱਦ ਉੱਤੇ ਰੱਖੀ ਹੋਈ ਹੈ ਇੱਕ ਨੂੰ ਵੀ ਨੁਕਸਾਨ ਹੋਇਆ ਤੇ ਰਿਸ਼ਤਾ ਡਿੱਗਣ ਦੀ ਨੌਬਤ ਸਿਰ ਤੇ ਖੜੀ ਹੈ । ਰਾਣੀ ਨੇ ਆਪਣੀ ਪਸੰਦ ਆਪ ਚੁਣੀ ਸੀ ਰਾਜ , ਸ਼ਾਇਦ ਵਕਤ ,ਕਿਸਮਤ ,ਰੱਬ ,,ਸਮਾਜ ਅਤੇ ਮਾਂ ਬਾਪ ਨੂੰ ਇਹ ਪਸੰਦ ਨਹੀਂ ਸੀ । ਵਿਆਹ ਦੇ ਕੁੱਝ ਮਹਿਨਿਆਂ ਬਾਅਦ ਹੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ । ਰਾਣੋ ਦੇ ਹੱਥਾਂ ਵਿਚੋਂ ਖੁਸ਼ੀਆਂ ਹੁਣੇ ਹੁਣੇ ਗਵਾਚੀਆਂ ਸਨ । ਸਮਾਜ ਦੀਆਂ ਰਸਮਾਂ ਨੇ ਵੰਗਾਂ ਤੋੜ ਦਿੱਤੀਆਂ ਰੰਗਦਾਰ ਲਿਬਾਸ ਉਸ ਲਈ ਗੁਨਾਹ ਬਣ ਗਿਆ ਸੀ । ਉਹ ਛੋਟੀ ਜਾਨ ਜਿਸਨੇ ਅਜੇ ਅਸਮਾਨ ਵਿੱਚ ਉਡਾਨ ਭਰੀ ਹੀ ਸੀ ਵਕਤ ਨੇ ਬੇਰਹਿਮੀ ਨਾਲ ਪਰ ਕੁਤਰ ਕੇ ਘਰ ਵੱਲ ਮੋੜ ਦਿੱਤਾ । ਜਿੰਦਗੀ ਨਾਲੋਂ ਵੱਧ ਮਜਾਕ ਇਨਸਾਨ ਦਾ ਕੋਈ ਨਹੀਂ ਉਡਾਉਂਦਾ । ਅਕਸਰ ਮੈਂ ਔਰਤ ਮਰਦ ਦੀ ਤੁਲਨਾ ਕਰਦਾ ਰਹਿੰਦਾ ਹਾਂ ਕਹਾਣੀਆਂ ਵਿੱਚ ਕਵਿਤਾਵਾਂ ਵਿੱਚ ਵਿਚਾਰਾਂ ਵਿੱਚ, ਪਰ ਰਾਣੋ ਨੂੰ ਵੇਖ ਕੇ ਲੱਗਿਆ ਕੇ ਮੇਰਾ ਹੁਣ ਤੱਕ ਔਰਤ ਨੂੰ ਦਲੇਰ ਅਜਾਦ ,ਵੱਡੇ ਦਿਲ ਵਾਲੀ , ਕਹਿਣਾ ਭੁੱਲ ਸੀ । ਜਿਵੇਂ ਸਾਰੀਆਂ ਔਰਤਾਂ ਮੇਰੇ ਸਾਹਵੇਂ ਰਾਣੋ ਨਾਲ ਤੁਰਦੀਆਂ ਮੇਰੇ ਮੂੰਹ ਉੱਤੇ ਥੁੱਕ ਰਹੀਆਂ ਸਨ , ਮੇਰੇ ਔਰਤ ਵਾਰੇ ਲਿਖੀਆਂ ਲਿਖਤਾਂ ਉੱਤੇ ਕਾਲ਼ਖ ਮਲ਼ ਰਹੀਆਂ ਸਨ । ਹੋਣਾ ਚਾਹੀਦਾ ਵੀ ਸੀ ਕਲਪਨਾ ਵਿੱਚ ਨਹੀਂ ਹਕੀਕਤ ਵਿੱਚ ਸ਼ਾਇਦ ਮੈਨੂੰ ਸਕੂਨ ਮਿਲਦਾ । ਕੁੱਝ ਦਿਨਾਂ ਬਾਅਦ ਹੀ ਰਿਸ਼ਤੇਦਾਰਾਂ ਨੇ ਸਲਾਹ ਕੀਤੀ ਘਰ ਦੀ ਇਜੱਤ ਘਰ ਵਿੱਚ ਰਹਿ ਜਾਵੇ , ਬੇਹਤਰ ਹੈ ਇਸ ਰਸਮ ਵਿੱਚ ਹਾਣ ਮੇਲ ਨਹੀਂ ਵੇਖਿਆ ਜਾਂਦਾ । ਮੁਨਾਫਾ ਵੇਖਿਆ ਜਾਂਦਾ ਹਰ ਪੱਖ ਤੋਂ , ਸ਼ਾਇਦ ਰਿਸ਼ਤਿਆਂ ਦੀ ਹੋਂਦ ਬਣਾਈ ਰੱਖਣਾ ਵੀ ਮੁਨਾਫਾ ਹੀ ਹੁੰਦਾ ਹੈ ਪਰ ਇਸ ਮੁਨਾਫੇ ਵਿਚੋਂ ਦੋ ਇਨਸਾਨਾਂ ਦੀ ਜਿੰਦਗੀ ਮਨਫੀ ਹੋ ਜਾਂਦੀ ਹੈ । ਇੱਕ ਦੂਜੇ ਕੋਲ ਗਿਰਵੀ ਰੱਖੀ ਜਾਂਦੀ ਹੈ । ਖੈਰ ਰਾਣੋ ਨਾਲ ਵੀ ਇਹੋ ਹੋਇਆ ਰਾਜ ਤੋਂ ਛੋਟੇ ਦੇ ਘਰ ਬਿਠਾ ਕੇ ਚਾਦਰ ਪਾ ਦਿੱਤੀ ਗਈ । ਰੰਗਰੂਪ, ਵਿਚਾਰ,, ਹਾਣ ਮੇਲ, ਗਿਆਨ ਇਹਨਾਂ ਲਫ਼ਜ਼ਾਂ ਦਾ ਇਸ ਤਰ੍ਹਾਂ ਦੇ ਰਿਸ਼ਤੇ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਹੁੰਦਾ । ਸ਼ਾਇਦ ਦੋਹਾਂ ਦਾ ਇੱਕ ਛੱਤ ਹੇਠਾਂ ਰਹਿਣਾ ਸੁਰੱਖਿਅਤ ਸੀ ਅਕਸਰ ਹੁੰਦਾ ਹੈ । ਇਹ ਨਹੀਂ ਕੇ ਰਾਜ ਦੇ ਭਰਾ ਦੇ ਕੋਈ ਆਪਣੇ ਸੁਫਨੇ ਨਹੀਂ ਹੋਣਗੇ , ਹੋਣਗੇ ਜਰੂਰ ਸੁਫਨਿਆਂ ਦਾ ਮਰ ਜਾਣਾ ਦੁੱਖ ਦਿੰਦਾ ਹੈ ਇਨਸਾਨ ਨੂੰ । ਹਕੀਕਤ ਨਾਲ ਟੱਕਰਾ ਕੇ ਸੁਫਨੇ ਮਰਦੇ ਆਏ ਨੇ ਮਰਦੇ ਰਹਿਣਗੇ ਸਦਾ । ਮਾਂ ਬਾਪ ਬੱਚਿਆਂ ਨਾਲ ਬਹੁਤ ਮੋਹ ਰੱਖਦੇ ਨੇ । ਆਪਣੇ ਨਾਲੋਂ ਵੀ ਵੱਧ ਪਰ ਉਸ ਮੋਹ ਦੀ ਕੋਈ ਸ਼ਕਲ ਨਹੀਂ ਅਕਾਰ ਨਹੀਂ ਜਿਸਨੂੰ ਕਿਸੇ ਤੱਕੜੀ ਵਿੱਚ ਰੱਖ ਮਾਪਿਆ ਜਾ ਸਕੇ । ਰਾਣੋ ਨੂੰ ਬਚਪਨ ਤੋਂ ਬਹੁਤ ਪਿਆਰ ਮਿਲਿਆ । ਸਭ ਨੂੰ ਮਿਲਦਾ ਕੋਈ ਮਾਂ ਬਾਪ ਨਹੀਂ ਜੋ ਬੱਚਿਆਂ ਨੂੰ ਪਿਆਰ ਨਹੀਂ ਕਰਦਾ । ਉਹਨਾਂ ਖਾਤਰ ਆਪਾ ਵੀ ਕੁਰਬਾਨ ਕਰ ਦਿੰਦਾ , ਪਰ ਬੱਚਿਆਂ ਨੂੰ ਮੁਸੀਬਤ ਵਿੱਚ ਵੇਖ ਕੇ ਮਾਂ ਉੱਚੀ ਉੱਚੀ ਰੋ ਸਕਦੀ ਹੈ , ਪਿਓ ਨਹੀਂ ਰੋ ਸਕਦਾ ਉਹ ਦਿਲ ਵਿੱਚ ਦਰਦ ਲੁਕਾਉਂਦਾ ਰਹਿੰਦਾ ਹੈ । ਸ਼ਾਇਦ ਇਸੇ ਲਈ ਬਹੁਤੇ ਪਿਤਾ ਦਿਲ ਦੀ ਧੜਕਣ ਬੰਦ ਹੋਣ ਨਾਲ ਮਰ ਜਾਂਦੇ ਨੇ । ਦਿਲ ਛੋਟਾ ਜੇਹਾ ਦੁੱਖ ਪਹਾੜ ਜੇਡੇ । ਰਾਣੋ ਦੇ ਪਿਤਾ ਨੇ ਜਦੋਂ ਇਹ ਲਫ਼ਜ਼ ਖਿੱਝ ਕੇ ਕਿਸੇ ਨੂੰ ਬੋਲੇ ਹੋਣਗੇ ” ਇਸ ਕੁੜੀ ਦਾ ਘਰ ਵਾਲਾ ਮਰ ਗਿਆ ” ਤੇ ਹੋਵੇ ਨਾ ਹੋਵੇ ਦਿਲ ਵਿੱਚ ਅਸਿਹ ਪੀੜ ਜਰੂਰ ਹੋਈ ਹੋਵੇਗੀ , ਵਿਧਵਾ ਧੀਅ ਨੂੰ ਘਰ ਤੱਕ ਲਿਜਾਣ ਲਈ ਸਹਿ ਗਏ ਹੋਣੇ , ਜਿੰਮੇਵਾਰੀਆਂ ਤੋਂ ਪਿਓ ਕਿੱਥੇ ਮੁੜਦੇ ਨੇ । ਇੱਕ ਦਿਨ ਵਿੱਚ ਇੱਕ ਧੀਅ ਪੱਚੀ ਸਾਲ ਜਿਸ ਘਰ ਵਿੱਚ ਜੰਮੀ, ਖੇਡਾਂ ਖੇਡੀ , ਘਰ ਨੂੰ ਸੰਵਾਰਦੀ ਰਹੀ , ਕਦੇ ਵੀਰ ਦੇ ਦੇਰ ਨਾਲ ਪਰਤਣ ਤੇ ਜਾਗਣਾ, ਕਦੇ ਪਿਓ ਬਿਮਾਰ ਹੋਵੇ ਫਿਕਰਾਂ ਵਿੱਚ ਡੁੱਬ ਜਾਣਾ , ਘਰ ਦੀ ਇਜੱਤ ਚੁੰਨੀ ਸਿਰ ਉੱਤੇ ਚੁੱਕੀ ਰੱਖਦੀ ਪਰਾਈ ਹੋ ਜਾਂਦੀ । ਤੁਰ ਪੈਂਦੀ ਇੱਕ ਅਣਜਾਣ ਨਾਲ , ਅਣਜਾਣ ਥਾਂ ਅਣਪਛਾਤੇ ਲੋਕਾਂ ਵਿੱਚ ਰਹਿੰਦੀ , ਜਿੰਦਗੀ ਕੱਟਣ ਸ਼ਾਇਦ ਇਹ ਵਰਦਾਨ ਧੀਆਂ ਨੂੰ ਹੀ ਦਿੱਤਾ ਰੱਬ ਨੇ । ਦੋ ਦਿਨ ਕਿਸੇ ਓਪਰੀ ਥਾਂ ਚਲੇ ਜਾਓ ਤੇ ਨੀਂਦਰ ਨੀ ਆਉਂਦੀ ਧੀਆਂ ਉਮਰ ਗੁਜ਼ਾਰ ਦਿੰਦੀਆਂ ਨੇ । ਰਾਣੋ ਦਾ ਰੈਣ ਬਸੇਰਾ ਮੁੜ ਤੋਂ ਬਣਾ ਦਿੱਤਾ ਗਿਆ ਸਮਾਜ ਵਿੱਚ । ਉਸ ਵਿੱਚ ਅਹਿਸਾਨ ਨਾਮ ਦਾ ਲਫ਼ਜ਼ ਉਸਦੇ ਮੱਥੇ ਮੜਿਆ ਗਿਆ , ਇੱਕ ਖਾ ਗਈ ਦੂਜੇ ਨੂੰ ਖਾ ਜਾਣਾ ਇਹ ਸ਼ਬਦ ਗੂੰਜਦੇ ਜਰੂਰ ਚਾਹੇ ਕਦੀ ਕਦੀ ਹੀ ਸਹੀ । ਮਰਦਾਂ ਦਾ ਸਮਾਜ ਹੈ ਮਰਦ ਕੁੱਝ ਵੀ ਕਰ ਸਕਦਾ ਹੈ ਇਹ ਕਹਿਣਾ ਵੀ ਗਲਤ ਹੋਵੇਗਾ ਹੁਣ ਰਾਜ ਦੇ ਛੋਟੇ ਵੀਰ ਰਾਣੋ ਦੀ ਜਿੰਮੇਵਾਰੀ ਉਸਦੀ ਸੀ ਸਮਾਜਿਕ ਸਮਝੌਤੇ ਅਨੁਸਾਰ । ਰਿਸ਼ਤਿਆਂ ਦਾ ਇਹ ਚੱਕਰਵੀਉਹ ਸ਼ਾਇਦ ਕਦੇ ਨਾ ਟੁੱਟਣ ਵਾਲਾ ਹੈ , ਜੋ ਸਮਾਜ ਬਣਾਉਂਦਾ ਹੈ । ਸਮਾਜ ਜਿਸ ਵਿੱਚ ਮੈਂ ਵੀ ਆਉਂਦਾ ਹਾਂ । ਇਹ ਸਭ ਮੈਨੂੰ ਮੇਰੇ ਨਾਲ ਬੈਠੀ ਬੁੱਢੀ ਮਾਂ ਦੱਸ ਰਹੀ ਸੀ । ਮੈਂ ਕਚਿਹਰੀ ਵਿੱਚ ਬੈਠਾ ਆਪਣੇ ਭਰਾ ਦੀ ਬੇਟੀ ਮਤਲਬ ਮੇਰੀ ਬੇਟੀ ਦੇ ਤਲਾਕ ਦੇ ਕਾਗ਼ਜ਼ਾਂ ਉੱਤੇ ਦਸਤਖੱਤ ਕਰ ਰਿਹਾ ਸੀ । ਸਹੁਰੇ ਘਰ ਤੋਂ ਸਮਾਨ ਵਾਪਿਸ ਆਪਣੇ ਘਰ ਵਿੱਚ ਲਿਆਂਦਾ ਵੇਖ ਧੀਅ ਰੋਈ ਨਹੀਂ ਸੀ ਪਤਾ ਸੀ ਛੋਟੇ ਡੈਡੀ ਦਾ ਦਿਲ ਵੱਡਾ ਨਹੀਂ ਹੈ । ਨਿੱਕੀ ਨਿੱਕੀ ਚੀਜ ਸਾਂਭ ਰਹੀ ਸੀ ਜਿਵੇਂ ਹੁਣੇ ਕੋਈ ਵੱਡਾ ਤੂਫਾਨ ਆਇਆ ਤੇ ਸਭ ਖਿਲਾਰ ਗਿਆ , ਤੇ ਉਹ ਕੂੰਜ ਜਿਵੇਂ ਨਿੱਕੇ ਨਿੱਕੇ ਤੀਲੇ ਚੁੱਗਦੀ ਹੋਵੇ । ਮੇਰੇ ਕੋਲੋਂ ਹੰਝੂ ਹੋਰ ਨਹੀਂ ਲੁਕੋਏ ਜਾ ਰਹੇ ਸੀ ਮੈਂ ਬਾਹਰ ਤੁਰ ਗਿਆ । ਪਤਾ ਲੱਗਿਆ ਗਵਾਂਢ ਵਿੱਚ ਵੱਸਦੀ ਨੂੰਹ ਨੇ ਕੋਈ ਜਹਿਰੀਲੀ ਚੀਜ਼ ਖਾ ਲਈ, ਹਸਪਤਾਲ ਲਿਜਾ ਰਹੇ ਸੀ ਵੈਨ ਵਿੱਚ ਪਾਉਂਦਿਆਂ ਕੁੱਝ ਸਿਆਣਿਆਂ ਨੇ ਉੱਚੀ ਉੱਚੀ ਅਵਾਜ਼ ਮਾਰੀ ਘਰ ਦਿਆਂ ਨੂੰ , “ਚਾਦਰ ਲੈ ਕੇ ਆਓ ਲੀੜੇ ਫਟੇ ਹੋਏ ਨੇ ” ਸਿਆਣਿਆਂ ਨੇ ਠੀਕ ਕਿਹਾ ਸੀ , ਚਾਦਰ ਜਰੂਰੀ ਸੀ ਇਜੱਤ ਢਕਣ ਲਈ ਚਾਹੇ ਚਾਦਰ ਪਾਉਂਦਿਆਂ ਉਹ ਮਰ ਜਾਂਦੀ ਸਮਾਜ ਨੂੰ ਕਬੂਲ ਸੀ ਮਰ ਜਾਣ ਦਾ ਮਤਲਬ ਮਹਿਜ ਲਾਸ਼ ਨਹੀਂ ਹੁੰਦਾ ਜਿਉਂਦੇ ਜੀਅ ਲਾਸ਼ ਬਣੇ ਰਹਿਣਾ ਵੀ ਹੁੰਦਾ ਹੈ । ਚਾਦਰ ਜਰੂਰੀ ਸੀ , ਚੁੰਨੀ ਜਰੂਰੀ ਸੀ ਰਾਣੋ ਹੀ ਕਿਉਂ ਹਰ ਧੀਅ ਲਈ ਅਤੇ ਧੀਅ ਦਾ ਘਰ ਸਮਾਜ ਤੈਅ ਕਰਦਾ ਹੈ । ਧੀਅ ਨੂੰ ਹੱਕ ਨਹੀਂ ਆਪਣਾ ਘਰ ਮਿੱਥਣ ਦਾ ਆਪ ਮਿੱਥਦੀ ਹੈ ਤੇ ਸਮਾਜ ਉਸ ਘਰ ਨੂੰ ਬਦਨਾਮ ਨਜ਼ਰਾਂ ਦਾ ਨਜ਼ਰੀਆ ਨਿਵਾਜਦਾ ਹੈ ।

Be the first to comment

Leave a Reply