16 ਮਹੀਨੇ ਦੇ ਬੱਚੇ ਨੇ ਨਿਗਲ ਲਿਆ ਨੇਲ ਕਟਰ, ਡਾਕਟਰਾਂ ਨੇ ਇੰਝ ਬਚਾਈ ਜਾਨ

ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਹਰ ਕਿਸੇ ਨੂੰ ਚੰਗੀਆਂ ਲੱਗਦੀਆਂ ਹਨ। ਕਈ ਵਾਰੀ ਬੱਚਿਆਂ ਦੀ ਇਹੀ ਸ਼ਰਾਰਤਾਂ ਮਾਪਿਆਂ ਨੂੰ ਮੁਸੀਬਤ ਵਿਚ ਪਾ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ, ਜਿੱਥੇ 16 ਮਹੀਨੇ ਦੇ ਇਕ ਬੱਚੇ ਨੇ ਖੇਡ-ਖੇਡ ਵਿਚ ਨੇਲ ਕਟਰ ਨਿਗਲ ਲਿਆ। ਇਹ ਨੇਲ ਕਟਰ 2.4 ਇੰਚ ਲੰਬਾ ਸੀ। ਇਸ ਮਗਰੋਂ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਂਡੋਸਕੋਪ (endoscope) ਰਾਹੀਂ ਨੇਲ ਕਟਰ ਬਾਹਰ ਕੱਢਿਆ।
ਇਹ ਘਟਨਾ 17 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਅਸਲ ਵਿਚ ਉੱਤਰੀ-ਪੂਰਬੀ ਚੀਨ ਵਿਚ ਇਕ 16 ਮਹੀਨੇ ਦੇ ਬੱਚੇ ਨੇ ਨੇਲ ਕਟਰ ਨਿਗਲ ਲਿਆ ਸੀ। ਫੇਈਫੇਈ (Feifei) ਨਾਂ ਦਾ ਇਹ ਬੱਚਾ ਆਪਣੀ ਮਾਂ ਕੋਲੋ ਨੇਲ ਕਟਰ ਖੋਹ ਕੇ ਇੱਧਰ-ਉੱਧਰ ਭੱਜ ਰਿਹਾ ਸੀ। ਇਸ ਦੌਰਾਨ ਫੇਈਫੇਈ ਨੇ ਨੇਲ ਕਟਰ ਮੂੰਹ ਵਿਚ ਰੱਖ ਲਿਆ ਅਤੇ ਨਿਗਲ ਲਿਆ। ਇਹ ਦੇਖ ਫੇਈਫੇਈ ਦੀ ਮਾਂ ਤੁਰੰਤ ਉਸ ਨੂੰ ਹਸਪਤਾਲ ਲੈ ਗਈ। ਚਾਂਗਚੂਨ ਚਿਲਡਰਨ ਹਸਪਤਾਲ ਵਿਚ ਡਾਕਟਰਾਂ ਨੇ ਐਕਸ-ਰੇਅ ਰਾਹੀਂ ਪਤਾ ਲਗਾਇਆ ਕਿ 2.4 ਇੰਚ ਲੰਬਾ ਨੇਲ ਕਟਰ ਬੱਚੇ ਦੇ ਪੇਟ ਵਿਚ ਹੈ।

PunjabKesari

ਡਾਕਟਰਾਂ ਨੇ ਐਂਡੋਸਕੋਪ ਦੀ ਮਦਦ ਨਾਲ ਉਸ ਦੇ ਪੇਟ ਵਿਚੇਂ ਨੇਲ ਕਟਰ ਬਾਹਰ ਕੱਢਿਆ। ਐਂਡੋਸਕੋਪ ਜ਼ਰੀਏ ਨੇਲ ਕਟਰ ਕੱਢਣ ਵਿਚ ਅੱਧੇ ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਾ। ਥੋੜ੍ਹੀ ਦੇਰ ਬਾਅਦ ਡਾਕਟਰਾਂ ਨੇ ਫੇਈਫੇਈ ਨੂੰ ਛੁੱਟੀ ਦੇ ਦਿੱਤੀ। ਹੁਣ ਉਹ ਪੂਰੀ ਤਰਾਂ ਠੀਕ ਹੈ।  ਇਸ ਤੋਂ ਪਹਿਲਾਂ ਵੀ ਚੀਨ ਦੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਮਾਮਲੇ ਵਿਚ ਡਾਕਟਰਾਂ ਨੇ ਇਕ ਵਿਅਕਤੀ ਦੇ ਪੇਟ ਵਿਚੋਂ ਲਾਈਟਰ ਕੱਢਿਆ ਸੀ, ਜੋ ਉਸ ਨੇ 20 ਸਾਲ ਪਹਿਲਾਂ ਨਿਗਲ ਲਿਆ ਸੀ।