17 ਦਸੰਬਰ ਨੂੰ ਹੋਇਆ ਅੰਮ੍ਰਿਤਸਰ ਨਿਗਮ ਚੋਣਾਂ ਗਿਣਤੀ ਦੁਬਾਰਾ

ਅੰਮ੍ਰਿਤਸਰ   – ਨਗਰ ਨਿਗਮ ਦੀਆਂ ਹੋਈਆਂ ਚੋਣਾਂ ਸਬੰਧੀ ਹਲਕਾ ਪੂਰਬੀ ਅਧੀਨ ਪੈਂਦੇ ਵਾਰਡ ਨੰ. 23 ‘ਚ ਇਕ ਨਵਾਂ ਵਿਵਾਦ ਉਠ ਪਿਆ ਹੈ। ਵਾਰਡ-23 ਤੋਂ ਜੇਤੂ ਰਹੀ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਨੇ ਅੱਜ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਨਿਗਮ ਚੋਣ ਦੇ ਰਿਟਰਨਿੰਗ ਅਧਿਕਾਰੀ ਕੰਵਲਜੀਤ ਸਿੰਘ ਜੋ ਕਿ ਅੰਮ੍ਰਿਤਸਰ ‘ਚ ਆਰ. ਟੀ. ਏ. ਦੇ ਤੌਰ ‘ਤੇ ਤਾਇਨਾਤ ਹਨ, ਵੱਲੋਂ ਅੱਜ ਉਨ੍ਹਾਂ (ਬੀਬੀ ਰਣਜੀਤ ਕੌਰ) ਨੂੰ ਆਪਣੇ ਦਫਤਰ ‘ਚ ਬੁਲਾ ਕੇ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਲਈ ਕੁਝ ਫਾਰਮਾਂ ‘ਤੇ ਦਸਤਖਤ ਕਰਨ ਲਈ ਦਬਾਅ ਬਣਾਉਂਦਿਆਂ ਧਮਕਾਇਆ ਗਿਆ ਪਰ ਉਹ ਇਸ ਮੰਗ ਨੂੰ ਸਿਰੇ ਤੋਂ ਨਕਾਰ ਕੇ ਆ ਗਏ।  ਇਸ ਮੌਕੇ ਗੱਲਬਾਤ ਕਰਦਿਆਂ ਪਾਰਟੀ ਵੱਲੋਂ ਨਿਗਮ ਚੋਣਾਂ ‘ਚ ਵਾਰਡ-23 ਦੇ ਲਾਏ ਗਏ ਇੰਚਾਰਜ ਡਾ. ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ ਨੇ ਕਿਹਾ ਕਿ 17 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਕਰ ਕੇ ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਬੀਬੀ ਰਣਜੀਤ ਕੌਰ ਨੂੰ ਸਰਟੀਫਿਕੇਟ ਦਿੰਦਿਆਂ ਰਸਮੀ ਤੌਰ ‘ਤੇ ਜੇਤੂ ਐਲਾਨਿਆ ਗਿਆ ਸੀ ਤੇ ਹੁਣ 5 ਦਿਨਾਂ ਬਾਅਦ ਕਿਹੜੀ ਆਫਤ ਆ ਗਈ ਕਿ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।ਡਾ. ਵੇਰਕਾ ਨੇ ਕਿਹਾ ਕਿ ਈ. ਵੀ. ਐੱਮ. ਮਸ਼ੀਨਾਂ 5 ਦਿਨਾਂ ਤੋਂ ਪ੍ਰਸ਼ਾਸਨ ਕੋਲ ਹਨ, ਜਿਨ੍ਹਾਂ ‘ਚ ਗੜਬੜੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ‘ਚ ਲੋਕਤੰਤਰ ਦੀਆਂ ਰੱਜ ਕੇ ਧੱਜੀਆਂ ਉਡਾਉਣ ਵਾਲੀ ਕਾਂਗਰਸ ਸਰਕਾਰ ਦਾ ਲੱਗਦਾ ਅਜੇ ਢਿੱਡ ਨਹੀਂ ਭਰਿਆ, ਜਿਸ ਕਾਰਨ ਉਹ ਹੁਣ ਇਸ ਸੀਟ ‘ਤੇ ਵੀ ਧੱਕੇਸ਼ਾਹੀ ਕਰਨ ਦੀ ਰਣਨੀਤੀ ਬਣਾ ਰਹੀ ਹੈ। ਡਾ. ਵੇਰਕਾ ਨੇ ਕਿਹਾ ਕਿ ਜੇਕਰ ਵਾਰਡ ਨੰ. 23 ‘ਚ ਜਬਰੀ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਲਈ ਦਬਾਅ ਬਣਾਇਆ ਗਿਆ ਤਾਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ, ਸਾਬਕਾ ਕੌਂਸਲਰ ਮਲਕੀਤ ਸਿੰਘ ਵੱਲਾ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਮੀਤ ਪ੍ਰਧਾਨ ਵੱਸਣ ਸਿੰਘ ਵੱਲਾ, ਸੁਰਜੀਤ ਸਿੰਘ ਵੱਲਾ, ਕਸ਼ਮੀਰ ਸਿੰਘ ਸੋਹਲ, ਪ੍ਰਧਾਨ ਸਾਹਿਬ ਸਿੰਘ, ਰਣਜੀਤ ਸਿੰਘ ਭਗਤ, ਅਮਰੀਕ ਸਿੰਘ ਸੋਹਲ, ਨੰਬਰਦਾਰ ਬਲਵਿੰਦਰ ਸਿੰਘ, ਕਰਤਾਰ ਸਿੰਘ ਗਾਡੀ, ਜਥੇ. ਕੁਲਵੰਤ ਸਿੰਘ, ਗੁਰਵਿੰਦਰਪਾਲ ਸਿੰਘ, ਸੁਰਿੰਦਰ ਸਿੰਘ ਗਾਡੀ ਤੇ ਹੋਰ ਵੀ ਬਹੁਤ ਸਾਰੇ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਸਾਂਝੇ ਤੌਰ ‘ਤੇ ਰਾਜ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਅਕਾਲੀ ਦਲ ਦੀ ਕੌਂਸਲਰ ਬੀਬੀ ਰਣਜੀਤ ਕੌਰ ‘ਤੇ ਦੁਬਾਰਾ ਵੋਟਾਂ ਦੀ ਗਿਣਤੀ ਕਰਵਾਉਣ ਲਈ ਦਬਾਅ ਬਣਾਉਣ ਅਤੇ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਨ ਵਾਲੇ ਉਕਤ ਆਰ. ਟੀ. ਏ. ਕੰਵਲਜੀਤ ਸਿੰਘ ਨੂੰ ਫੌਰੀ ਤੌਰ ‘ਤੇ ਡਿਸਮਿਸ ਕੀਤਾ ਜਾਵੇ।

Be the first to comment

Leave a Reply