19 ਦਸੰਬਰ ਤੋਂ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਤੇ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਧੀਨ ਕੰਮ ਕਰਨ ਵਾਲੇ ਭਰਤੀ ਬੋਰਡ ਦੀ ਵੈੱਬਸਾਈਟ ਨੇ ਸੂਬੇ ਦੇ ਭਾਵੀ ਅਧਿਆਪਕਾਂ ਦੇ ਅੱਜ-ਕਲ ਸਰਦ ਮੌਸਮ ‘ਚ ਵੀ ਪਸੀਨੇ ਕੱਢ ਰੱਖੇ ਹਨ। ਕਾਰਨ ਹੈ ਵੈੱਬਸਾਈਟ ਦਾ ਲਗਾਤਾਰ ਪਿਛਲੇ 3 ਦਿਨਾਂ ਤੋਂ ਵਾਰ-ਵਾਰ ਕ੍ਰੈਸ਼ ਹੋਣਾ। ਪੰਜਾਬ ਸਰਕਾਰ ਵੱਲੋਂ ਐਲਾਨਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੇ ਸ਼ੈਡਿਊਲ ਅਨੁਸਾਰ 19 ਦਸੰਬਰ ਤੋਂ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਤੇ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ 26 ਤੱਕ ਅਪਲਾਈ ਕੀਤਾ ਜਾਣਾ ਹੈ ਪਰ ਬੀਤੇ 3 ਦਿਨਾਂ ਤੋਂ ਹੋ ਰਹੀ ਤਕਨੀਕੀ ਗੜਬੜੀ ਕਾਰਨ ਉਮੀਦਵਾਰ ਅਪਲਾਈ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਲੱਗਭਗ ਡੇਢ ਮਹੀਨਾ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸੂਬੇ ਦੇ ਕੁਝ ਭਾਵੀ ਅਧਿਆਪਕਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਸੂਬਾ ਸਰਕਾਰ ‘ਤੇ ਮਾਣਹਾਨੀ ਦਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ 2017 ‘ਚ ਅਧਿਆਪਕ ਯੋਗਤਾ ਪ੍ਰੀਖਿਆ ਦਾ ਆਯੋਜਨ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਇਸ ਸਾਲ ਦੌਰਾਨ ਬੀ. ਐੱਡ. ਯੋਗਤਾ ਵਾਲਿਆਂ ਨੂੰ ਅਧਿਆਪਕ ਭਰਤੀ ਪ੍ਰਕਿਰਿਆ ‘ਚ ਹਿੱਸਾ ਲੈਣ ਤੋਂ ਵਾਂਝਾ ਰਹਿਣਾ ਪਿਆ। ਇਸ ਤੋਂ ਬਾਅਦ ਕਾਹਲੀ ‘ਚ ਸਿੱਖਿਆ ਵਿਭਾਗ ਵੱਲੋਂ ਅਦਾਲਤ ‘ਚ ਇਸੇ ਸਾਲ ਪ੍ਰੀਖਿਆ ਲੈਣ ਦੀ ਗੱਲ ਕਹੀ ਗਈ ਤੇ ਉਸੇ ਦੇ ਅਨੁਸਾਰ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗ ਵੱਲੋਂ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਗਿਆ। ਵਿਭਾਗ ਦੀ ਜਲਦਬਾਜ਼ੀ ਦਾ ਆਲਮ ਇਹ ਹੈ ਕਿ ਪ੍ਰੀਖਿਆ ਲੈਣ ਦਾ ਸ਼ੈਡਿਊਲ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਪ੍ਰੀਖਿਆ ਦੀ ਤਿਆਰੀ ਦਾ ਸਿਲੇਬਸ ਨਹੀਂ ਦੱਸਿਆ ਗਿਆ। ਇਹੀ ਨਹੀਂ, ਵਿਭਾਗ ਦੀ ਵੈੱਬਸਾਈਟ ਲਗਾਤਾਰ ਕ੍ਰੈਸ਼ ਹੋ ਰਹੀ ਹੈ। ਪ੍ਰੀਖਿਆ ਦੇਣ ਲਈ ਯਤਨ ਕਰ ਕਰ ਰਹੇ ਬੀ. ਐੱਡ. ਅਧਿਆਪਕਾਂ ਵੱਲੋਂ ਜਦੋਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਵੈੱਬਸਾਈਟ ‘ਤੇ ਦਿੱਤੇ ਗਏ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਬੰਦ ਮਿਲਦੇ ਰਹੇ। ਉਥੇ ਵਿਭਾਗ ਵੱਲੋਂ ਟੈਕਨੀਕਲ ਹੈਲਪਲਾਈਨ ਦੇ ਤੌਰ ‘ਤੇ ਦਿੱਤਾ ਗਿਆ ਨੰਬਰ ਵੀ ਨਹੀਂ ਲੱਗਿਆ।

Be the first to comment

Leave a Reply