2 ਬੱਚਿਆਂ ਦੇ ਪਿਤਾ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ

ਬਠਿੰਡਾ  -ਪਤਨੀ ਨਾਲ ਝਗੜਾ ਕਰ ਕੇ 2 ਬੱਚਿਆਂ ਦੇ ਪਿਤਾ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਪਤੀ-ਪਤਨੀ ‘ਚ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਕਤ ਵਿਅਕਤੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਲਾਸ਼ ਬਹਿਮਣ ਪੁਲ ਦੇ ਨੇੜਿਓਂ ਨਹਿਰ ਤੋਂ ਬਰਾਮਦ ਕਰ ਲਈ ਗਈ ਹੈ, ਜਿਸ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਨਹਿਰ ‘ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ‘ਚ ਅਗਲੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਰਸਰਾਮ ਨਗਰ ਗਲੀ ਨੰ. 26/2 ਵਾਸੀ ਹਰਵਿੰਦਰ ਸਿੰਘ ਪੁੱਤਰ ਭੂਰਾ ਸਿੰਘ ਆਪਣੀ ਪਤਨੀ ਤੇ 2 ਬੇਟਿਆਂ ਦੇ ਨਾਲ ਰਹਿੰਦਾ ਸੀ ਤੇ ਪਰਸਰਾਮ ਨਗਰ ਚੌਕ ‘ਚ ਚਿਕਨ ਦੀ ਰੇਹੜੀ ਲਾਉਂਦਾ ਸੀ। ਪਿਛਲੀ ਸ਼ਾਮ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਰੇਹੜੀ ਲੈ ਕੇ ਘਰ ਤੋਂ ਨਿਕਲਿਆਂ ਪਰ ਘਰ ਵਾਪਸ ਨਹੀਂ ਪਹੁੰਚਿਆ। ਸਵੇਰੇ ਕਰੀਬ 10 ਵਜੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਨਹਿਰ ‘ਚ ਬਹਿਮਣ ਪੁਲ ਤੋਂ ਕੁਝ ਦੂਰੀ ‘ਤੇ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ ਸੰਸਥਾ ਮੈਂਬਰ ਮੌਕੇ ‘ਤੇ ਪਹੁੰਚੇ ਤੇ ਥਾਣਾ ਕੈਨਾਲ ਕਾਲੋਨੀ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਸ ਦੀ ਮੌਜੂਦਗੀ ‘ਚ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਨਹਿਰ ‘ਚੋਂ ਕੱਢਿਆ। ਇਸ ਦੌਰਾਨ ਮ੍ਰਿਤਕ ਦੀ ਪਤਨੀ ਵੀ ਮੌਕੇ ‘ਤੇ ਪਹੁੰਚੀ ਤੇ ਸਾਰਿਆਂ ਦੀ ਮੌਜੂਦਗੀ ‘ਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।