ਅਖ਼ਬਾਰੀ ਖ਼ਬਰਾਂ ਦੀ ਚੀਰਫਾੜ ਕਰਦੇ ਨੇ ਲੋਕ ਸੱਥਾਂ, ਪਾਰਕਾਂ ਵਿੱਚ : ਨਿਬੇੜਾ ਤਾਂ ਇੱਥੇ ਹੀ ਹੁੰਦੈ ….

ਚੋਣਾਂ ਦਾ ਮਹੌਲ ਇਸ ਕਦਰ ਗਰਮ ਹੋ ਚੁੱਕਾ ਹੈ, ਕਿ ਜਿੱਥੇ ਵੀ ਦੋ ਚਾਰ ਆਦਮੀ ਇਕੱਠੇ ਹੁੰਦੇ ਹਨ ਬੱਸ ਵੋਟਾਂ ਦੀਆਂ ਹੀ ਗੱਲਾਂ ਛਿੜ ਪੈਂਦੀਆਂ ਹਨ। ਪਿੰਡਾਂ ਵਿਚਲੀਆਂ ਸੱਥਾਂ ਅਜਿਹੀ ਚਰਚਾ ਲਈ ਵਿਸੇਸ਼ ਮੰਚ ਦਾ ਕੰਮ ਕਰ ਰਹੀਆਂ ਹਨ। ਥੋੜਾ ਜਿਹਾ ਦਿਨ ਚੜੇ ਹੀ ਪਿੰਡ ਦੀ ਢਾਬ ਨੇੜੇ ਵੱਡੇ ਬੋਹੜ ਥੱਲੇ ਬਣੇ ਥੜੇ ਤੇ ਬੈਠੇ ਚਾਰ ਕੁ ਬੰਦੇ ਸੈਰ ਉਪਰੰਤ ਦਮ ਲੈ ਰਹੇ ਸਨ। ਇਨੇ ਨੂੰ ਸਾਬਕਾ ਅਧਿਆਪਕ ਜੁਗਰਾਜ ਸਿੰਘ ਵੀ ਆ ਬਹੁੜਿਆ, ਉਸਨੂੰ ਦੇਖਦਿਆਂ ਹੀ ਰਣਜੀਤ ਸਿੰਘ ਨੇ ਪੁੱਛਿਆ, ‘‘ਮਾਸਟਰ ਜੀ ਤੁਸੀਂ ਤਾਂ ਅਖ਼ਬਾਰ ਪੜ੍ਹ ਲਿਆ ਹੋਊ, ਕੀ ਨਵੀਂ ਤਾਜ਼ੀ ਖਬਰ ਏਹਨਾਂ ਵੋਟਾਂ ਵਾਲਿਆਂ ਦੀ।’’ ਖ਼ਬਰਾਂ ਤਾਂ ਬਥੇਰੀਆਂ ਨੇ ਪਰ ਇੱਕ ਗੱਲ ਦੀ ਤਸੱਲੀ ਐ ਕਿ ਵੋਟਾਂ ਵੇਲੇ ਲੀਡਰ ਆਪਣੇ ਵਿਰੋਧੀਆਂ ਦੇ ਪੋਤੜੇ ਫਰੋਲ ਦਿੰਦੇ ਨੇ। ਅੱਜ ਖ਼ਬਰ ਲੱਗੀ ਆ ਬੀਬਾ ਹਰਸਿਮਰਤ ਦੇ ਪਿੰਡ ਮਿੱਡੂਖੇੜਾ ਦੇ ਚੋਣ ਦੌਰਾ ਸਮੇਂ ਹੋਈਆਂ ਗੱਲਾਂ ਦੀ, ਉਸਨੇ ਸੱਚੀਆਂ ਗੱਲਾਂ ਸੁਣਾਈਆਂ ਲੋਕਾਂ ਨੂੰ।
ਹੱਛਾ! ਮਾਸਟਰ ਜੀ ਕੀ ਕਹਿੰਦੀ ਸੀ ਬੀਬਾ ਹਰਸਿਮਰਤ। ਉਹ ਕਹਿੰਦੀ ਸੀ ਰਣਜੀਤ ਸਿਆਂ ‘‘ਅੰਕੜੇ ਦਸਦੇ ਨੇ, ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਢਾਈ ਹਫ਼ਤਿਆਂ ਵਿੱਚ ਪੁਲਿਸ ਨੇ ਢਾਈ ਸੌ ਕਰੋੜ ਦੇ ਨਸ਼ੇ ਪੰਜਾਬ ਵਿੱਚੋਂ ਫੜ ਲਏ ਹਨ, ਇਸਤੋਂ ਅੰਦਾਜਾ ਲੱਗ ਜਾਂਦਾ ਹੈ ਕਿ ਢਾਈ ਸਾਲਾਂ ’ਚ ਪੰਜਾਬ ਵਿੱਚ ਕਿਨਾਂ ਨਸ਼ਾ ਵਿਕਿਆ ਹੋਵੇਗਾ।’’ ਇਹ ਸੁਣ ਕੇ ਰਣਜੀਤ ਸਿੰਘ ਨੇ ਕਿਹਾ, ‘‘ਊਂ ਗੱਲ ਤਾਂ ਮਾਸਟਰ ਜੀ ਬੀਬਾ ਜੀ ਦੀ ਠੀਕ ਆ, ਪਰ ਉਸਨੇ ਇਹ ਨਹੀਂ ਦੱਸਿਆ ਕਿ ਪੰਜਾਬ ਵਿੱਚ ਆਹ ਚਿੱਟਾ ਜਾਂ ਹੋਰ ਨਸ਼ਿਆਂ ਦਾ ਵਪਾਰ ਕੀਹਨੇ ਸੁਰੂ ਕੀਤਾ ਸੀ ਜਾਂ ਉਹਨੇ ਢਾਈ ਸਾਲਾਂ ਤੋਂ ਪਹਿਲਾਂ ਵਾਲੇ ਦਸ ਸਾਲਾਂ ਦੇ ਅੰਕੜੇ ਵੀ ਦੱਸੇ ਨੇ ਕਿ ਓਸ ਸਮੇਂ ’ਚ ਚਿੱਟੇ ਨੇ ਕਿਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਸਨ।’’ਚਲੋ ਇਹ ਤਾਂ ਛੱਡੋ ਮਾਸਟਰ ਜੀ ਹੋਰ ਕੀ ਆਂਹਦੀ ਸੀ ਬੀਬੀ ਹਰਸਿਮਰਤ ਕੋਲ ਬੈਠੇ ਗੁਰਨਾਮ ਫੌਜੀ ਨੇ ਢਾਈ ਨਾਲ ਢਾਈ ਲਾਈ।
ਹੋਰ ਤਾਂ ਫੌਜੀ ਸਾਹਿਬ ਕਹਿੰਦੀ ਸੀ ‘‘ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਕਾਂਗਰਸ ਦਾ ਤਾਂ ਪਿਛੋਕੜ ਹੀ ਸਿੱਖ ਵਿਰੋਧੀ ਆ ਅਤੇ ਸਿੱਖ ਕਤਲੇਆਮ ਨਾਲ ਵੀ ਏਹਦਾ ਨਾ ਜੁੜਦਾ ਹੈ।’’ ਇਹ ਸੁਣਦਿਆਂ ਹੀ ਰਣਜੀਤ ਸਿੰਘ ਤੋਂ ਚੁੱਪ ਨਾ ਰਿਹਾ ਗਿਆ ਤੇ ਕਹਿਣ ਲੱਗਾ ‘‘ਓਹਨੇ ਇਹ ਨੀ ਦੱਸਿਆ ਕਿ ਸਾਡੇ ਹਾਜਰ ਨਾਜਰ ਗੁਰੂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗ ਪਾੜ ਸੁੱਟਣ ਨਾਲ ਕਿਹੜੀ ਪਾਰਟੀ ਦਾ ਨਾ ਜੁੜਦੈ ਜਾਂ ਬਰਗਾੜੀ ਮਾਮਲੇ, ਕੋਟਕਪੂਰਾ ਗੋਲੀ ਕਾਂਡ, ਬਹਿਬਲ ਵਿੱਚ ਮਾਰੇ ਸਿੱਖ ਨੌਜਵਾਨਾਂ ਦੇ ਜੁਮੇਵਾਰ ਕੌਣ ਆ। ਇਹ ਵੀ ਦੱਸਿਆ ਹੋਊ ਬੀਬਾ ਜੀ ਨੇ।’’ ਰਣਜੀਤ ਤੂੰ ਤਾਂ ਕਾਂਗਰਸ ਪੱਖੀ ਲਗਦਾ ਐਂ, ਬਾਤ ਦਾ ਬਤੰਗੜ ਬਣਾ ਧਰਦੈਂ। ਮੈਂ ਤਾਂ ਉ¤ਥੇ ਹੋਈਆਂ ਗੱਲਾਂ ਹੀ ਦਸਦਾ ਹਾਂ। ਉਹਨੇ ਤਾਂ
ਇਹ ਵੀ ਕਿਹਾ ਸੀ ਆਹ ਜਿਹੜਾ ਆਪਣੇ ਹਲਕੇ ਬਠਿੰਡੇ ਤੋਂ ਕਾਂਗਰਸੀ ਉਮੀਦਵਾਰ ਐ ਨਾ ਰਾਜਾ ਵੜਿੰਗ, ਇਹ ਗਰੀਬਾਂ ਦੇ ਘਰ ਰੋਟੀ ਖਾਣ ਦਾ ਜਾਂ ਰਾਤ ਕੱਟਣ ਦਾ ਡਰਾਮਾ ਕਰਦੈ। ਇਹਦੇ ਜਵਾਬ ਵਿੱਚ ਰਣਜੀਤ ਸਿੰਘ ਨੇ ਕਿਹਾ ‘‘ਗੱਲ ਤਾਂ ਮਾਸਟਰ ਜੀ ਉਹਦੀ ਇਹ ਵੀ ਠੀਕ ਹੋ ਸਕਦੀ ਐ, ਪਰ ਇਹ ਡਰਾਮਾ ਜੇ ਬੀਬੀ ਜੀ ਵੀ ਕਰ ਲਵੇ ਤਾਂ ਰਾਜੇ ਦਾ ਡਰਾਮਾ ਆਪੇ ਫੇਲ੍ਹ ਹੋਜੂ। ਬੀਬੀ ਵੀ ਕਿਸੇ ਗਰੀਬ ਦੇ ਘਰ ਰਾਤ ਕੱਟ ਲਵੇ ਤੇ ਰੋਟੀ ਖਾ ਕੇ ਲੋਕਾਂ ਨੂੰ ਦਿਖਾ ਦੇਵੇ। ਕੀ ਫ਼ਰਕ ਪੈਂਦਾ ਹੈ ਵੋਟਾਂ ਲੈਣੀਆਂ ਨੇ ਸਗੋਂ ਗਰੀਬ ਲੋਕਾਂ ਦੀਆਂ ਵੋਟਾਂ ਤਾਂ ਬਾਹਲੀਆਂ ਨੇ।’’ ਕੋਲ ਬੈਠੇ ਦੇ ਦੇਬੇ ਨੇ ਗੱਲਬਾਤ ’ਚ ਸਾਮਲ ਹੁੰਦਿਆਂ ਕਿਹਾ ‘‘ਮਾਸਟਰ ਜੀ, ਸਾਡਾ ਸੋਨੂੰ ਦਸਦਾ ਸੀ ਕਿ ਬੀਬਾ ਜੀ ਨੇ ਤਾਂ ਇਹ ਵੀ ਕਿਹਾ ਹੈ, ਕਿ ਜੇ ਮਹਾਰਾਜਾ ਉਸਨੂੰ ਤਾਕਤਵਰ ਮੰਨਦਾ ਹੈ ਤਾਂ ਆਪਣੀ ਕੁਰਸੀ ਦੇ ਦੇਵੇ। ’’ ਹਾਂ ਦੇਬਿਆ ਇਹ ਵੀ ਅਖ਼ਬਾਰ ਦੀ ਖ਼ਬਰ ’ਚ ਲਿਖਿਐ, ਪਰ ਇਹ ਕਿਵੇਂ ਕਿਹਾ ਐ ਇਹ ਤਾਂ ਕਹਿ ਨਹੀਂ ਸਕਦੇ। ਇਹ ਸੁਣਦਿਆਂ ਕੋਲ ਬੈਠੇ ਗਾਮੇ ਮੈਂਬਰ ਦਾ ਗੁੱਸਾ ਵੀ ਅਸਮਾਨੀ ਚੜ੍ਹ ਗਿਆ ਤੇ ਉਹਨੇ ਕਿਹਾ, ‘‘ਯਾਰ! ਅਸਲ ਗੱਲ ਹੀ ਆਹ ਐ, ਬਾਦਲਾਂ ਦਾ ਪੰਜਾਬ ਚੋਂ ਰਾਜ ਕੀ ਖੁਸਿਐ ਬੱਸ ਚੀਕਾਂ ਨਿਕਲੀਆਂ ਪਈਆਂ ਨੇ। ਦਿਨ ਰਾਤ ਕੁਰਸੀ ਦੇ ਹੀ ਸੁਪਨੇ ਆਉਂਦੇ ਨੇ ਸਾਰੇ ਪਰਿਵਾਰ ਨੂੰ। ਸਾਡੇ ਧਾਰਮਿਕ ਗੰ੍ਰਥਾਂ ਦੀ ਬੇਅਦਬੀ ਕਰਵਾ ਕੇ, ਸਿੱਖਾਂ ਤੇ ਹਮਲੇ ਕਰਵਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਰੋਲ ਕੇ ਤੇ ਧਰਮ ਨੂੰ ਆਰ ਐ¤ਸ ਐ¤ਸ ਦੀ ਝੋਲੀ ’ਚ ਪਾ ਕੇ ਹੁਣ ਭਾਲਦੇ ਨੇ ਕੁਰਸੀਆਂ।’’ ਵਧਦੇ ਗੁੱਸੇ ਨੂੰ ਭਾਂਪਦਿਆਂ ਬਜੁਰਗ ਕ੍ਰਿਪਾਲ ਸਿੰਘ ਨੇ ਚਰਚਾ ਨੂੰ ਸਮੇਟਣ ਲਈ ਕਿਹਾ, ‘‘ਚਲੋ ਛੱਡੋ ਭਾਈ! ਕੋਈ ਜਿੱਤੇ ਕੋਈ ਹਾਰੇ, ਆਪਾਂ ਤਾਂ ਆਹੀ ਕੰਮ ਕਰਨੇ ਨੇ, ਆਮ ਲੋਕਾਂ ਦੀ ਪੁੱਛ ਗਿੱਛ ਤਾਂ ਕੋਈ ਨੀ ਕਰਦਾ। ਆਪਾਂ ਤਾਂ ਮਿਹਨਤ ਕਰਕੇ ਹੀ ਰੋਟੀ ਖਾਣੀ
ਆ। ਜਿਹੜਾ ਚੰਗਾ ਲਗਦੈ ਵੋਟ ਪਾ ਦਿਉ, ਆਪਾਂ ਲੜ ਕੇ ਕੀ ਲੈਣਾ ਐ।’’ ਹੁਣ ਸੁਆਲਾਂ ਦਾ ਸੁਆਲ ਇਹ ਹੈ ਕਿ ਇਹ ਗੱਲਬਾਤ ਇੱਕ ਸੱਥ ਦੀ ਹੀ ਨਹੀਂ, ਸਗੋਂ ਅਜਿਹੀ ਵਿਚਾਰ ਚਰਚਾ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ, ਪਾਰਕਾਂ, ਬੱਸ ਅੱਡਿਆਂ, ਸਟੇਸਨਾਂ ਤੇ ਹੋ ਰਹੀ ਹੈ।

Be the first to comment

Leave a Reply

Your email address will not be published.


*