ਕੈਨੇਡਾ ‘ਚ ਬਣਿਆ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ‘ਚ ਪਾਰਕ

ਕੈਨੇਡਾ ਦੇ ਬਰੈਮਪਟਨ ਸ਼ਹਿਰ ‘ਚ ‘ਅਰਾਈਵਲ ਆਫ ਕਾਮਾਗਾਟਾਮਾਰੂ’ ਦੀ 105ਵੀਂ ਵਰੇਗੰਢ ਮੌਕੇ ‘ਕਾਮਾਗਾਟਾਮਾਰੂ ਪਾਰਕ’ ਦਾ ਉਦਘਾਟਨ 22 ਜੂਨ ਨੂੰ ਕੀਤਾ ਜਾਵੇਗਾ। ਇਹ ਪਾਰਕ ਵਿਸ਼ੇਸ਼ ਤੌਰ ‘ਤੇ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਨੂੰ ਸਮਰਪਿਤ ਬਣਾਇਆ ਗਿਆ ਹੈ।ਕਾਮਾਗਾਟਾਮਾਰੂ ਬਿਰਤਾਂਤ ਇੱਕ ਜਪਾਨੀ ਬੇੜੇ, ਕਾਮਾਗਾਟਾਮਾਰੂ ਦਾ ਦੁਖਾਂਤ ਵਾਕਿਆ ਹੈ ਜੋ 1914 ਵਿੱਚ ਪੰਜਾਬ, ਭਾਰਤ ਤੋਂ 376 ਮੁਸਾਫ਼ਰ ਲੈ ਕੇ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵੱਲ ਗਿਆ। ਇਹਨਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ। ਮੁਸਾਫ਼ਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ 20ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ ‘ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ ਉੱਤੇ ਸਿਰਫ਼ ਏਸ਼ੀਆਈ ਪ੍ਰਵਾਸੀਆਂ ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ਉੱਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ। ਕਾਫ਼ੀ ਲੰਮੀ ਜਦੋ-ਜਹਿਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡੱਟ ਗਏ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫ਼ਾਇਰਿੰਗ ਕਰਨ ਦੀ ਧਮਕੀ ਦਿੱਤੀ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ| ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਜਹਾਜ਼ ਵਿਚਲੇ ਸਿੱਖ ਵੀ ਇੱਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ।

Be the first to comment

Leave a Reply

Your email address will not be published.


*