ਤੇਜ ਝੱਖੜ ਕਾਰਨ ਕਾਰਾਂ ਉੱਪਰ ਡਿੱਗੇ ਦਰਖ਼ਤ

ਪਿੰਡ ਮਾਹਮੂਜੋਈਆ ਵਿੱਚ ਝੱਖੜ ਕਾਰਨ ਇੱਕੋ ਪਰਿਵਾਰ ਦੀਆਂ ਦੋ ਕਾਰਾਂ ਕਾਫੀ ਹੱਦ ਤੱਕ ਨੁਕਸਾਨੀਆਂ ਗਈਆਂ ਜਦਕਿ ਕਾਰਾਂ ‘ਤੇ ਸਵਾਰ ਚਾਰ ਜਣਿਆਂ ਦੀ ਜਾਨ ਮੁਸ਼ਕਲ ਨਾਲ ਬਚੀ । ਇੱਕ ਕਾਰ ਅੰਦਰ ਫਸੇ ਵਿਅਕਤੀ ਨੂੰ ਅੱਧੇ ਘੰਟੇ ਬਾਅਦ ਬਾਹਰ ਕੱਢਿਆ ਗਿਆ । ਮਾਹਮੂ ਜੋਇਆ ਪਿੰਡ ਨੇੜੇ ਹੀ ਫਿਰੋਜ਼ਪੁਰ – ਫ਼ਾਜਿਲਕਾ ਸੜਕ ਉੱਪਰ ਬਣੇ ਟੋਲ ਪਲਾਜ਼ਾ ਬੈਰੀਅਰ ਉੱਪਰ ਵੀ ਸੜਕ ਕਿਨਾਰਿਓਂ ਸਫ਼ੈਦੇ ਦੇ ਰੁੱਖ ਡਿੱਗ ਪੈਣ ਨਾਲ ਕਾਫ਼ੀ ਨੁਕਸਾਨ ਹੋਇਆ ।
ਇਨੋਵਾ ਕਾਰ ਵਿੱਚ ਸਾਬਕਾ ਚੇਅਰਮੈਨ ਬੈਕਫਿਕੋ ਪੰਜਾਬ ਬਲਦੇਵ ਸਿੰਘ ਮਾਹਮੂਜੋਈਆ ਆਪਣੇ ਪੁੱਤਰ ਗੁਰਿੰਦਰ ਸਿੰਘ ਵਿੱਕੀ ਮਾਹਮੂਜੋਈਆ ਅਤੇ ਰਿੰਪੀ ਪੁੱਤਰ ਦੌਲਤ ਰਾਮ ਜਾ ਰਹੇ ਸਨ ਕਿ ਝੱਖੜ ਕਾਰਨ ਇੱਕ ਖੰਭਾ ਕਾਰ ਦੇ ਉੱਪਰ ਆ ਡਿੱਗਿਆ । ਅਚਾਨਕ ਡਿੱਗੇ ਖੰਬੇ ਨਾਲ ਕਾਰ ਦਾ ਸਾਹਮਣੇ ਵਾਲਾ ਸ਼ੀਸ਼ਾ ਅਤੇ ਛੱਤ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਤਿੰਨੋਂ ਜਣੇ ਮਾਮੂਲੀ ਝਰੀਟਾਂ ਆਉਣ ਤੋਂ ਇਲਾਵਾ ਬਚ ਗਏ ।

ਠੀਕ ਇਸੇ ਵਕਤ ਹੈ ਇਸੇ ਪਰਿਵਾਰ ਦੀ ਕੁਝ ਦੂਰੀ ਤੇ ਸਥਿੱਤ ਉਨ੍ਹਾਂ ਦੇ ਮੱਝਾਂ ਵਾਲੇ ਅਹਾਤੇ ਅੰਦਰ ਖੜ੍ਹੀ ਆਰਟਿਕਾ ਕਾਰ ਉੱਪਰ ਬੋਹੜ ਦਾ ਰੁੱਖ ਡਿੱਗ ਪਿਆ । ਤੇਜ ਝੱਖੜ ਕਾਰਨ ਕਾਰ ਅੰਦਰ ਮਿਸਤਰੀ ਮਨਜੀਤ ਸਿੰਘ ਨਾਮ ਦਾ ਵਿਅਕਤੀ ਬੈਠਾ ਸੀ । ਇਹ ਵਿਅਕਤੀ ਬੁਰੀ ਤਰ੍ਹਾਂ ਕਾਰ ਦੇ ਵਿੱਚ ਫਸ ਗਿਆ । ਜਿਸ ਨੂੰ ਬੋਹੜ ਦੇ ਰੁਖ ਨੂੰ ਕੱਟਣ ਤੋਂ ਬਾਅਦ ਕਰੀਬ ਅੱਧੇ ਘੰਟੇ ਬਾਅਦ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ । ਖੁਸ਼ ਕਿਸਮਤੀ ਨਾਲ ਇਹ ਵਿਅਕਤੀ ਦੀ ਵੀ ਜਾਨ ਬਚ ਗਈ ।
ਇਸ ਸਬੰਧੀ ਸੰਪਰਕ ਕਰਨ ਤੇ ਬਲਦੇਵ ਸਿੰਘ ਮਾਹਮੂਜੋਈਆ ਨੇ ਕਿਹਾ ਕਿ ਚਾਹੇ ਉਹਨਾਂ ਦੀਆਂ ਕਾਰਾਂ ਦਾ ਨੁਕਸਾਨ ਹੋਇਆ ਹੈ ਪਰ ਵਾਹਿਗੁਰੂ ਨੇ ਉਹਨਾਂ ਦੀ ਜਾਨ ਬਖਸ਼ ਕੇ ਮੇਹਰ ਭਰਿਆ ਹੱਥ ਰੱਖਿਆ ਹੈ । ਇਸ ਦੌਰਾਨ ਵੱਖ -ਵੱਖ ਪਿੰਡਾਂ ਅੰਦਰ ਘਰਾਂ ਉੱਪਰ ਡਿੱਗੇ ਰੁੱਖਾਂ ਕਾਰਨ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਇਆ ਹੈ ।
ਇਸ ਦੌਰਾਨ ਫਾਜ਼ਿਲਕਾ ਅਬੋਹਰ ਖੇਤਰ ਵਿੱਚ ਬੀਜੀ ਹੋਈ ਨਰਮੇ ਦੀ ਫ਼ਸਲ ਇੱਕ ਵਾਰ ਫੇਰ ਕਰੰਡ ਹੋ ਗਈ ਹੈ । ਇਸ ਤੋਂ ਦੋ ਵਾਰ ਪਹਿਲਾਂ ਬੀਜੇ ਨਰਮੇ ਅਤੇ ਕਪਾਹ ਦੇ ਖੇਤਾਂ ਉਪਰ ਮੀਂਹ ਪੈਣ ਕਾਰਨ ਕਿਸਾਨਾਂ ਨੇ ਇਹ ਦੁਬਾਰਾ ਨਰਮੇ ਦੀ ਬਿਜਾਈ ਕੀਤੀ ਸੀ ਅਤੇ ਹੁਣ ਤੀਜੀ ਵਾਰ ਮੀਂਹ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ।
ਇਸ ਸਬੰਧੀ ਕਿਸਾਨ ਆਗੂ ਗੁਰਵਿੰਦਰ ਸਿੰਘ , ਬਗੀਚਾ ਸਿੰਘ ਚਕ ਨਿਧਾਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੇ ਹੋਏ ਨੁਕਸਾਨ ਵੀ ਪੂਰਤੀ ਲਈ ਮੁਆਵਜ਼ਾ ਦਿੱਤਾ ਜਾਵੇ ।

Be the first to comment

Leave a Reply

Your email address will not be published.


*