ਪੰਜਾਬ ‘ਚ ਬਸਪਾ ਦੇ ਪ੍ਰਦਰਸ਼ਨ ਤੋਂ ਵਿਰੋਧੀ ਹੈਰਾਨ,

ਮਾਇਆਵਤੀ ਦੀ ਪਾਰਟੀ ਬਸਪਾ ਨੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨਾਲ ਮਿਲ ਕੇ ਪੰਜਾਬ ਵਿੱਚ ਤਿੰਨ ਉਮੀਦਵਾਰ ਉਤਾਰੇ ਸੀ ਅਤੇ ਇਨ੍ਹਾਂ ਤਿੰਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਸਭ ਤੋਂ ਵਧੀਆ ਪ੍ਰਦਰਸ਼ਨ ਲੋਕ ਸਭਾ ਹਲਕਾ ਜਲੰਧਰ ਤੋਂ ਵੇਖਣ ਨੂੰ ਮਿਲਿਆ। ਇੱਥੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਅਨੰਦਪੁਰ ਸਾਹਿਬ ਤੋਂ ਬਸਪਾ ਨੂੰ 1,46,077 ਵੋਟਾਂ ਮਿਲੀਆਂ ਜਦਕਿ ਹੁਸ਼ਿਆਰਪੁਰ ਵਿੱਚ ਬਸਪਾ 1,28,215 ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ।

ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ 2,04,783 ਵੋਟਾਂ ਹਾਸਲ ਕਰਕੇ ਪਾਰਟੀ ਦੇ 2009 ‘ਚ ਸਭ ਤੋਂ ਵੱਧ 93 ਹਜ਼ਾਰ ਵੋਟਾਂ ਹਾਸਲ ਕਰਨ ਵਾਲਾ ਰਿਕਾਰਡ ਤੋੜ ਦਿੱਤਾ। ਉਹ ਆਦਮਪੁਰ ਤੋਂ 39,472 ਵੋਟਾਂ ਲੈ ਕੇ ਪਹਿਲੇ ਸਥਾਨ ’ਤੇ ਰਹੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 9,376 ਵੋਟਾਂ ਨਾਲ ਪਛਾੜਿਆ।

ਕਰਤਾਰਪੁਰ ਵਿੱਚ ਵੀ ਬਸਪਾ ਨੇ ਚੰਗਾ ਪ੍ਰਦਰਸ਼ਨ ਕਰਦਿਆਂ 31,047 ਵੋਟਾਂ ਹਾਸਲ ਕੀਤੀਆਂ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਬਲਵਿੰਦਰ ਕੁਮਾਰ ਨੂੰ 5 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ ਤੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸੀ। ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਦੀ ਜਿੱਤ ਦਾ ਸਿਰਫ਼ 2562 ਵੋਟਾਂ ਦਾ ਫਰਕ ਰਿਹਾ।

ਉੱਧਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਲੋਕ ਸਭਾ ਚੋਣਾਂ ਵਿੱਚ ਸਿਰਫ 25,467 ਵੋਟਾਂ ਹੀ ਹਾਸਲ ਕਰ ਸਕੇ। ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਜ਼ੋਰਾ ਸਿੰਘ ਤੋਂ ਬਾਅਦ ਸਭ ਤੋਂ ਵੱਧ ਵੋਟਾਂ ‘ਨੋਟਾ’ ਨੂੰ ਮਿਲੀਆਂ। ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਾ ਪਸੰਦ ਕਰਦਿਆਂ 12,324 ਵਾਰ ਨੋਟਾ ਦਾ ਬਟਨ ਦਬਾਇਆ। ਹਾਲਾਂਕਿ ਜਸਟਿਸ ਜੋਰਾ ਸਿੰਘ ਗਿਣਤੀ ਕੇਂਦਰ ਵਿਚ ਵੀ ਇਹ ਦਾਅਵਾ ਕਰਨੋਂ ਪਿੱਛੇ ਨਹੀਂ ਹਟੇ ਕਿ ਆਖਰ ਜਿੱਤ ਉਨ੍ਹਾਂ ਦੀ ਹੋਵੇਗੀ ਪਰ ਮਗਰੋਂ ਵੋਟਾਂ ਵਿੱਚ ਮਿਲੀ ਹਾਰ ਤੋਂ ਤੁਰੰਤ ਬਾਅਦ ਜਸਟਿਸ ਜੋਰਾ ਸਿੰਘ ਜਲੰਧਰ ਛੱਡ ਕੇ ਆਪਣੇ ਘਰ ਨੂੰ ਪਰਤ ਗਏ ਸਨ।

Be the first to comment

Leave a Reply

Your email address will not be published.


*