ਹਰਸਿਮਰਤ ਬਾਦਲ ਨੂੰ ਕਿਸ ਨੇ ਜਿਤਾਇਆ?

ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਜੇਤੂ ਰਹੀ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾਇਆ। ਹਰਸਿਮਰਤ ਨੇ 4,92,824 ਵੋਟਾਂ ਹਾਸਲ ਕੀਤੀਆਂ ਜਦੋਂਕਿ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ। ਹਰਸਿਮਰਤ ਨੂੰ ਪੰਜ ਵਿਧਾਨ ਸਭਾ ਹਲਕਿਆਂ ਤੋਂ ਵੱਧ ਵੋਟਾਂ ਮਿਲੀਆਂ। ਜਾਣੋ ਹਰਸਿਰਮਰਤ ਬਾਦਲ ਨੂੰ ਕਿਸ-ਕਿਸ ਹਲਕੇ ਨੇ ਜਿਤਾਇਆ।

ਦਰਅਸਲ ਬਠਿੰਡਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਚਾਰ ਹਲਕੇ ਰਾਜਾ ਵੜਿੰਗ ਦੇ ਹੱਕ ਵਿੱਚ ਤੇ ਪੰਜ ਹਲਕੇ ਹਰਸਿਮਰਤ ਦੇ ਪੱਖ ਵਿੱਚ ਭੁਗਤੇ। ਪਹਿਲੀ ਵਾਰ ਹਰਸਿਮਰਤ ਨੂੰ ਬਠਿੰਡਾ ਸ਼ਹਿਰ ਵਿੱਚੋਂ 3,743 ਵੋਟਾਂ ਦੀ ਲੀਡ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚੋਂ ਹਰਸਿਮਰਤ ਨੂੰ 16,125 ਦੀ ਲੀਡ ਮਿਲੀ। ਪਿਛਲੀ ਚੋਣ ‘ਚ ਇਹ ਲੀਡ 34,219 ਸੀ।

ਇਸ ਤੋਂ ਇਲਾਵਾ ਹਰਸਿਮਰਤ ਨੂੰ ਬਠਿੰਡਾ ਦਿਹਾਤੀ ਤੋਂ 2586 ਵੋਟਾਂ ਤੇ ਬੁਢਲਾਡਾ ਤੋਂ 8524 ਦੀ ਲੀਡ ਮਿਲੀ ਹੈ। ਸਰਦੂਲਗੜ੍ਹ ਹਲਕਾ ਪਿਛਲੀਆਂ ਚੋਣਾਂ ਵਿੱਚ ਦੋ ਦਫ਼ਾ ਹਰਸਿਮਰਤ ਦੇ ਪੱਖ ਵਿੱਚ ਖੜ੍ਹਾ ਪਰ ਐਤਕੀਂ ਰਾਜਾ ਵੜਿੰਗ ਨੂੰ 3158 ਵੋਟਾਂ ਦੀ ਲੀਡ ਮਿਲੀ। ਮਾਨਸਾ ਤੋਂ ਕਾਂਗਰਸ ਦੀ ਲੀਡ ਸਿਰਫ 2926 ਵੋਟਾਂ ਦੀ ਹੀ ਰਹਿ ਗਈ ਹੈ ਜਦੋਂਕਿ ਸਾਲ 2014 ਵਿਚ ਇਹ ਲੀਡ 23,911 ਵੋਟਾਂ ਦੀ ਸੀ। ‘ਆਪ’ ਤੋਂ ਆਏ ਵਿਧਾਇਕ ਮਾਨਸ਼ਾਹੀਆ ਦਾ ਵੀ ਕੋਈ ਫਾਇਦਾ ਨਹੀਂ ਮਿਲ ਸਕਿਆ।

ਹਲਕਾ ਤਲਵੰਡੀ ਸਾਬੋ ਤੋਂ ਵੜਿੰਗ ਨੂੰ 5961 ਵੋਟਾਂ ਦੀ ਤੇ ਹਲਕਾ ਮੌੜ ਤੋਂ 5653 ਵੋਟਾਂ ਦੀ ਲੀਡ ਮਿਲੀ ਹੈ। ਕਾਂਗਰਸ ਨੂੰ ਨੌਂ ਹਲਕਿਆਂ ਵਿੱਚੋਂ ਚਾਰ ’ਤੇ ਲੀਡ ਮਿਲੀ ਹੈ ਜਦੋਂਕਿ ਸਾਲ 2014 ਵਿੱਚ ਤਿੰਨ ਤੇ ਸਾਲ 2009 ਵਿੱਚ ਸਿਰਫ ਦੋ ਹਲਕਿਆਂ ਵਿੱਚ ਹੀ ਲੀਡ ਮਿਲੀ ਸੀ।