ਸੜਕ ਹਾਦਸੇ ‘ਚ ਅਕਾਲੀ ਲੀਡਰ ਤੇ ਉਸ ਦੇ ਭਰਾ ਦੀ ਮੌਤ

ਸਾਹਨੇਵਾਲ ਢੰਡਾਰੀ ਪੁਲ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਤੋਂ ਮੀਤ ਪ੍ਰਧਾਨ ਤੇ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ। ਸਾਹਨੇਵਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਸਾਹਨੇਵਾਲ ਤੋਂ ਅਕਾਲੀ ਲੀਡਰ ਦਰਸ਼ਨ ਸਿੰਘ (65) ਆਪਣੇ ਭਰਾ ਨਿਰਮਲ ਸਿੰਘ ਨਾਲ ਡਸਟਰ ਕਾਰ ਵਿੱਚ ਕਿਤੇ ਜਾ ਰਹੇ ਸੀ। ਜਦੋਂ ਕਾਰ ਢੰਡਾਰੀ ਪੁਲ਼ ਕੋਲ ਪਹੁੰਚੀ ਤਾਂ ਅਚਾਨਕ ਪਿੱਛਿਓਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਇਸ ਪਿੱਛੋਂ ਲੋਕਾਂ ਨੇ ਦੋਵਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਨਿਰਮਲ ਸਿੰਘ ਨੂੰ ਸੀਐਮਸੀ ਹਸਪਤਾਲ ਤੇ ਦਰਸ਼ਨ ਸਿੰਘ ਨੂੰ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਹਸਪਤਾਲ ਪਹੁੰਚਦਿਆਂ ਹੀ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।