ਆਂਗਣਵਾੜੀ ਵਰਕਰਾਂ ਨੇ ਖ਼ੂਨ ਨਾਲ ਲਿਖਿਆ ਪੰਜਾਬ ਸਰਕਾਰ ਨੂੰ ਖ਼ਤ

ਇੱਥੋਂ ਦੇ ਬਟਾਲਾ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੀ ਮੰਗਾਂ ਪੂਰੀਆਂ ਕਰਵਾਉਣ ਲਈ ਸੂਬਾ ਸਰਕਾਰ ਨੂੰ ਆਪਣੇ ਖ਼ੂਨ ਨਾਲ ਖ਼ਤ ਲਿਖੇ ਗਏ। ਵਰਕਰਾਂ ਵੱਲੋਂ ਇਹ ਮੰਗਪੱਤਰ ਰੂਪੀ ਖ਼ਤ ਅਸਲੀ ਖ਼ੂਨ ਨਾਲ ਲਿਖਣ ਦੇ ਬਾਦ ਡਾਕ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਗਏ। ਇਸ ਦੌਰਾਨ ਇਹਨਾਂ ਪ੍ਰਦਰਸ਼ਨ ਕਾਰਿਆਂ ਵੱਲੋਂ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੇ ਨਾਲ ਹੀ ਇਹਨਾਂ ਆਂਗਣਵਾੜੀ ਵਰਕਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਹੁਣ ਵੀ ਸੂਬਾ ਸਰਕਾਰ ਵਰਕਰਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਂਦੀ ਸੱਤ ਜੁਲਾਈ ਨੂੰ ਪੰਜਾਬ ਦੇ ਸਾਰੇ ਮੰਤਰੀਆਂ ਦੇ ਹਲਕਿਆਂ ਵਿੱਚ ਅਣਮਿਥੇ ਸਮੇਂ ਲਈ ਭੁੱਖ ਹੜਤਾਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਬਟਾਲਾ ਦੇ ਸਮਾਧ ਪਾਰਕ ਵਿਖੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਪ੍ਰਨੀਤ ਕੌਰ ਅਤੇ ਸ਼ਸ਼ੀ ਬਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੇ ਮਿਹਨਤਾਨੇ ਵਿੱਚ 1500 ਰੁਪਏ ਦਾ ਵਧਾਉਣ ਦਾ ਵਾਅਦਾ ਕੀਤਾ ਸੀ। ਜਿਸ ਦਾ 60 ਫ਼ੀਸਦੀ ਹਿੱਸਾ ਕੇਂਦਰ ਵੱਲੋਂ ਅਤੇ ਬਕਾਇਆ 40 ਫ਼ੀਸਦੀ ਹਿੱਸਾ ਸੂਬਾ ਸਰਕਾਰ ਵੱਲੋਂ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਆਪਣੇ ਵਾਅਦੇ ਮੁਤਾਬਿਕ ਆਂਗਣਵਾੜੀ ਵਰਕਰਾਂ ਨੂੰ ਵਾਧੇ ਦਾ 60 ਫ਼ੀਸਦੀ ਹਿੱਸਾ ਦੇ ਦਿੱਤਾ ਗਿਆ ਪਰ ਸੂਬਾ ਸਰਕਾਰ ਵੱਲੋਂ ਆਪਣੇ ਹਿੱਸੇ ਦਾ 40 ਫ਼ੀਸਦੀ ਅਜੇ ਤੱਕ ਨਹੀਂ ਦਿੱਤਾ ਗਿਆ। ਇਸ ਸਬੰਧੀ ਆਂਗਣਵਾੜੀ ਵਰਕਰਾਂ ਵੱਲੋਂ ਕਈ ਵਾਰ ਸੂਬਾ ਸਰਕਾਰ ਨੂੰ ਚੇਤਾ ਕਰਵਾਇਆ ਗਿਆ ਪਰ ਸਰਕਾਰ ਨੇ ਵਰਕਰਾਂ ਦੀ ਇਸ ਮੰਗ ਤੇ ਕੋਈ ਗ਼ੌਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਮੰਗ ਦੇ ਚੱਲਦਿਆਂ ਅੱਜ ਪੂਰੇ ਪੰਜਾਬ ਦੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੇ ਆਪਣੇ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਪੰਜਾਬ ਸਰਕਾਰ ਨੂੰ ਡਾਕ ਰਾਹੀ ਭੇਜੇ ਗਏ ਹਨ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਸੂਬਾ ਸਰਕਾਰ ਇਸ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਦੀ ਮੰਗ ਪੂਰੀ ਨਹੀਂ ਕਰਦੀ। ਤਾਂ ਆਉਂਦੀ ਸੱਤ ਜੁਲਾਈ ਨੂੰ ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਦੇ ਸਾਰੇ ਮੰਤਰੀਆਂ ਦੇ ਹਲਕਿਆਂ ਵਿੱਚ ਅਣਮਿਥੇ ਸਮੇਂ ਲਈ ਭੁੱਖ ਹੜਤਾਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਜੋ ਮੰਗ ਪੂਰੀ ਨਾ ਹੋਣ ਤੱਕ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਘਰ ਦਾ ਵੀ ਘਿਰਵਾ ਕੀਤਾ ਜਾਵੇਗਾ।

Be the first to comment

Leave a Reply

Your email address will not be published.


*