ਹਰਸਿਮਰਤ ਬਾਦਲ ਦਾ ਵੱਡਾ ਐਲਾਨ

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਇਰਾਕ ਦੇ ਇਰਬਿਲ ਸ਼ਹਿਰ ਵਿਚ ਫਸੇ 7 ਪੰਜਾਬੀ ਨੌਜਵਾਨਾਂ ਦੀ ਵਾਪਸੀ ਯਕੀਨੀ ਬਣਾਉਣ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਸਾਰਾ ਖ਼ਰਚਾ ਉਨ੍ਹਾਂ ਦੀ ਪਾਰਟੀ ਚੁੱਕਣ ਨੂੰ ਤਿਆਰ ਹੈ।

ਕੇਂਦਰੀ ਮੰਤਰੀ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਇਰਾਕ ਵਿਚ ਫਸੇ ਸੱਤ ਪੰਜਾਬੀ ਨੌਜਵਾਨਾਂ ਦੀ ਜਲਦੀ ਸਹੀ ਸਲਾਮਤ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਹਵਾਈ ਟਿਕਟਾਂ ਦਾ ਖਰਚਾ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ।

ਬਾਦਲ ਨੇ ਕਿਹਾ ਕਿ ਦੋ ਟਰੈਵਲ ਏਜੰਟਾਂ ਵੱਲੋਂ ਇਰਾਕ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸੱਤ ਨੌਜਵਾਨਾਂ ਨੂੰ ਠੱਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਏਜੰਟਾਂ ਨੇ ਨੌਜਵਾਨਾਂ ਦੇ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾਉਣ ਦੇ ਪੈਸੇ ਲੈ ਲਏ, ਪਰ ਉਨ੍ਹਾਂ ਨੂੰ ਇਹ ਦਸਤਾਵੇਜ਼ ਸੌਂਪੇ ਨਹੀਂ, ਜਿਨ੍ਹਾਂ ਨਾਲ ਉਹ ਇਰਾਕ ਵਿਚ ਕੰਮ ਕਰਨ ਦੇ ਯੋਗ ਹੋ ਜਾਂਦੇ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀ ਵਾਪਸੀ ਵਾਸਤੇ ਅਪੀਲ ਕੀਤੀ ਹੈ ਤੇ ਉਨ੍ਹਾਂ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਬਿਨਾਂ ਪਛਾਣ ਪੱਤਰਾਂ ਤੋਂ ਬਿਗਾਨੇ ਮੁਲਕ ਵਿਚ ਰੁਲਣ ਲਈ ਛੱਡ ਦਿੱਤਾ।

Be the first to comment

Leave a Reply

Your email address will not be published.


*