ਜੋੜੀ ਦੀਆਂ ਫਿਲਮਾਂ, ਲਘੂ ਫਿਲਮਾਂ ਅਤੇ ਥੀਏਟਰ ਨੂੰ ਪ੍ਰਦਰਸ਼ਿਤ ਕਰਦੀਆਂ ਕੁਝ ਯਾਦਗਾਰੀ ਤਸਵੀਰਾਂ ਨਾਲ ਤਿਆਰ ਕੀਤਾ ਗਿਆ ਵਿਸ਼ੇਸ਼ ਮਾਨ-ਸਨਮਾਨ ਪੱਤਰ ਹਾਜ਼ਰੀਨ ਪ੍ਰਬੰਧਕਾਂ, ਰੇਡੀਓ ਪੇਸ਼ਕਾਰਾਂ ਅਤੇ ਉਨ੍ਹਾਂ ਦੇ ਪ੍ਰਸੰਸ਼ਕਾਂ ਵੱਲੋਂ ਭੇਟ ਕੀਤਾ ਗਿਆ

ਔਕਲੈਂਡ  – ਗੁਆਂਢੀ ਮੁਲਕ ਦੇ ਵਿਚ ਸਮਤਲ ਰਵਾਨਗੀ ਵਾਲੀ ਪ੍ਰਵਾਸੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਜੱਦੀ ਵਤਨ ਦੇ ਉਚੇ-ਨੀਵੇਂ ਵਿਸ਼ਿਆਂ ਨੂੰ ਛੋਟੇ-ਵੱਡੇ ਪਰਦਿਆਂ ‘ਤੇ ਉਜਾਗਰ ਕਰਦੀ ਭੰਗੜੇ, ਫਿਲਮੀ ਤੇ ਥੀਏਟਰ ਨਾਲ ਮੰਝੀ ਕਲਾਕਾਰ ਜੋੜੀ ਬਾਈ ਸਵਰਨ ਬਰਨਾਲਾ ਅਤੇ ਨਿਵੇਕਲੀ ਅਦਾਕਾਰਾ ਸੁੱਖੀ ਬੱਲ ਨੂੰ ਖੂਬਸੂਰਤ ਮੁਲਕ ਨਿਊਜ਼ੀਲੈਂਡ ਸੈਰ ਸਪਾਟੇ ਲਈ ਆਉਣ ‘ਤੇ ਅੱਜ ਰੇਡੀਓ ਸਪਾਈਸ ਦੇ ਸਟੂਡੀਓ ‘ਜੀ ਆਇਆਂ’ ਆਖਿਆ ਗਿਆ।

ਉਨ੍ਹਾਂ ਦੇ ਨਾਲ ਉਨ੍ਹਾਂ ਦੀ ਛੋਟੀ ਬੇਟੀ ਅਜਲ ਵੀ ਲਹਿੰਗਾ ਪੈਣ ਕੇ ਛੁੱਟੀਆਂ ਦਾ ਅਨੰਦ ਮਾਨਣ ਆਈ ਹੋਈ ਸੀ। ਇਸ ਜੋੜੀ ਦੀਆਂ ਫਿਲਮਾਂ, ਲਘੂ ਫਿਲਮਾਂ ਅਤੇ ਥੀਏਟਰ ਨੂੰ ਪ੍ਰਦਰਸ਼ਿਤ ਕਰਦੀਆਂ ਕੁਝ ਯਾਦਗਾਰੀ ਤਸਵੀਰਾਂ ਨਾਲ ਤਿਆਰ ਕੀਤਾ ਗਿਆ ਵਿਸ਼ੇਸ਼ ਮਾਨ-ਸਨਮਾਨ ਪੱਤਰ ਹਾਜ਼ਰੀਨ ਪ੍ਰਬੰਧਕਾਂ, ਰੇਡੀਓ ਪੇਸ਼ਕਾਰਾਂ ਅਤੇ ਉਨ੍ਹਾਂ ਦੇ ਪ੍ਰਸੰਸ਼ਕਾਂ ਵੱਲੋਂ ਭੇਟ ਕੀਤਾ ਗਿਆ।

ਇਸ ਮੌਕੇ ਸ. ਪਰਮਿੰਦਰ ਸਿੰਘ ਫਲੈਟਬੁੱਸ਼ ਨੇ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ੍ਰੀ ਨਵਤੇਜ ਰੰਧਾਵਾ ਨੇ ਨਿਊਜ਼ੀਲੈਂਡ ਦੇ ਪਹਿਲੇ ਪੰਜਾਬੀ ਫਿਲਮ ਫੈਸਟੀਵਲ ਵੇਲੇ ਦੀਆਂ ਕੁਝ ਯਾਦਾਂ ਸੁੱਖੀ ਬੱਲ ਹੋਰਾਂ ਨਾਲ ਸਾਂਝੀਆਂ ਕੀਤੀਆਂ। ਰੇਡੀਓ ਪੇਸ਼ਕਾਰਾ ਹਰਜੀਤ ਕੌਰ, ਰੁਪਿੰਦਰ ਬਾਜਵਾ, ਰੁਪਿੰਦਰ ਰੂਪ ਅਤੇ ਨਰਿੰਦਰ ਬੀਰ ਸਿੰਘ  ਨੇ ਉਨ੍ਹਾਂ ਨਾਲ ਰੇਡੀਓ ਵਾਰਤਾ ਵੀ ਕੀਤੀ ਤੇ ਬੋਲੀਆਂ ਆਦਿ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ।

ਮਹਿਮਾਨ ਨਿਵਾਜੀ ਕਰਦਿਆਂ ਸਾਡਾ ਗੁਆਂਢ-ਸਾਡੇ ਮਹਿਮਾਨ ਦੀ ਤਰਜ ਉਤੇ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਇਸ ਮੌਕੇ ਇਕੱਤਰ ਹੋਏ ਸੱਜਣਾਂ ਨੇ ਇਨ੍ਹਾਂ ਕਲਾਕਾਰਾਂ ਨਾਲ ਕਲਾ ਦੇ ਕਈ ਵਿਸ਼ਿਆਂ ਉਤੇ ਚਰਚਾ ਕੀਤੀ। ਇਸ ਮੌਕੇ ਹਮਿਲਟਨ ਤੋਂ ਪਹੁੰਚੇ ਜੱਗੀ ਜੌਹਲ, ਹਰਵਿੰਦਰ ਢਿੱਲੋਂ, ਗੁਰਪ੍ਰੀਤ ਸੈਣੀ, ਗੁਰਿੰਦਰ ਸੰਧੂ, ਹਰਮੀਕ ਸਿੰਘ ਅਤੇ ਕਈ ਹੋਰ ਪ੍ਰਸੰਸ਼ਕ ਹਾਜਿਰ ਸਨ।
ਇਸ ਤੋਂ ਬਾਅਦ ਉਹ ਇਕ ਭੰਗੜਾ ਅਕਡੈਮੀ ਵਿਖੇ ਬੱਚਿਆਂ ਦੀ ਪਰਫਾਰਮੈਂਸ ਵੇਖਣ ਗਏ।