ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸਲਾਮ

President of India Ram Nath Kovind pays a floral tributes to the Indian soldiers killed during the Kargil War in 1999, at Army 15 Corps Badami Bagh Cantonment in Srinagar on July 26, 2019. (Photo by HABIB NAQASH / AFP)

ਨਵੀਂ ਦਿੱਲੀ/ਦਰਾਸ :- ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮੌਕੇ ਭਾਰਤ ਵੱਲੋਂ ਅੱਜ ਬਹਾਦਰ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸਲਾਮ ਕੀਤਾ ਗਿਆ। ਅੱਜ ਦੇ ਹੀ ਦਿਨ 1999 ’ਚ ਭਾਰਤੀ ਫ਼ੌਜ ਨੇ ਕਰੀਬ ਤਿੰਨ ਮਹੀਨਿਆਂ ਤਕ ਕਾਰਗਿਲ ਦੀਆਂ ਬਰਫ਼ੀਲੀ ਪਹਾੜੀਆਂ ’ਤੇ ਚੱਲੀ ਜੰਗ ’ਚ ਜਿੱਤ ਦਾ ਪਰਚਮ ਲਹਿਰਾਇਆ ਸੀ। ਪਾਕਿਸਤਾਨ ਨਾਲ ਹੋਈ ਜੰਗ ਦੌਰਾਨ ਭਾਰਤ ਦੇ ਕਰੀਬ 500 ਜਵਾਨ ਸ਼ਹੀਦ ਹੋਏ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਹੌਸਲੇ, ਬਹਾਦਰੀ ਅਤੇ ਸਮਰਪਣ ਨੂੰ ਨਮਨ ਕੀਤਾ।
ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਦਰਾਸ ’ਚ ਹੋਏ ਸਮਾਗਮ ’ਚ ਅਤਿਵਾਦੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਹਥਿਆਰ ਨਾ ਛੱਡੇ ਤਾਂ ਜਾਨ ਤੋਂ ਹੱਥ ਧੋਣਾ ਪਵੇਗਾ। ਉਨ੍ਹਾਂ ਆਸ ਜਤਾਈ ਕਿ ਅਤਿਵਾਦ ਨੂੰ ਜੰਮੂ ਕਸ਼ਮੀਰ ’ਚੋਂ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਪਾਕਿਸਤਾਨ ਨੂੰ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਕਾਰਗਿਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਦੀ ਖਾਣੀ ਪਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਦਾ ਜ਼ਿਕਰ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਗੱਲਬਾਤ ਅਤੇ ਕਾਰਵਾਈ ’ਚ ਫਰਕ ਹੁੰਦਾ ਹੈ ਅਤੇ ਜਦੋਂ ਕਾਰਵਾਈ ਹੋ ਰਹੀ ਹੁੰਦੀ ਹੈ ਤਾਂ ਤੁਹਾਨੂੰ ਵਾਰਤਾ ’ਤੇ ਯਕੀਨ ਕਰਨਾ ਪੈਂਦਾ ਹੈ।
ਥਲ ਸੈਨਾ ਮੁਖੀ ਨੇ ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਬੀ ਐੱਸ ਧਨੋਆ ਅਤੇ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨਾਲ ਮਿਲ ਕੇ ਦਰਾਸ ’ਚ ਕਾਰਗਿਲ ਜੰਗੀ ਯਾਦਗਾਰ ’ਤੇ ਵੀਰਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਰਾਸ਼ਟਰਪਤੀ ਕੋਵਿੰਦ ਨੇ ਵੀ ਦਰਾਸ ’ਚ ਹੋਣ ਵਾਲੇ ਸਮਾਗਮ ਦੌਰਾਨ ਹਿੱਸਾ ਲੈਣਾ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਉਥੇ ਨਹੀਂ ਪਹੁੰਚ ਸਕੇ। ਉਨ੍ਹਾਂ ਕਸ਼ਮੀਰ ’ਚ ਬਦਾਮੀ ਬਾਗ ਛਾਉਣੀ ’ਚ ਥਲ ਸੈਨਾ ਦੇ 15 ਕੋਰ ਹੈੱਡਕੁਆਰਟਰ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕੀਤਾ। ਭਾਰਤੀ ਹਵਾਈ ਸੈਨਾ ਨੇ ਸ਼ੁੱਕਰਵਾਰ ਨੂੰ 1999 ਦੀ ਜੰਗ ਦੌਰਾਨ ਹੋਏ ਅਪਰੇਸ਼ਨ ਦਾ ਵਿਸ਼ੇਸ਼ ਵੀਡੀਓ ਜਾਰੀ ਕਰਕੇ ਸ਼ਰਧਾਂਜਲੀ ਦਿੱਤੀ।
ਭਾਰਤ ਨਾਲ ਸਿੱਧੀ ਜੰਗ ਨਹੀਂ ਲੜ ਸਕਦਾ ਪਾਕਿਸਤਾਨ: ਰਾਜਨਾਥ ਸਿੰਘ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਨਾ ਤਾਂ ਭਾਰਤ ਨਾਲ ਪੂਰੀ ਅਤੇ ਨਾ ਹੀ ਸੀਮਤ ਲੜਾਈ ਲੜ ਸਕਦਾ ਹੈ। ਇਸੇ ਕਰਕੇ ਉਹ ਭਾਰਤ ਨਾਲ ਲੁਕਵੀਂ ਜੰਗ ਲੜ ਰਿਹਾ ਹੈ। ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮੌਕੇ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਸਨ। ਸਪੀਕਰ ਓਮ ਬਿਰਲਾ ਨੇ ਵੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਨਮਨ ਕੀਤਾ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਕਾਰਗਿਲ ਜੰਗ ਬਾਰੇ ਸਦਨ ’ਚ ਚਰਚਾ ਹੋਵੇ। ਰਾਜ ਸਭਾ ’ਚ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਭਾਰਤੀ ਸੈਨਿਕਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ। ਮੈਂਬਰਾਂ ਨੇ ਮੌਨ ਧਾਰ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.