2 ਨਿੰਬੂਆਂ ਦੀ ਕੀਮਤ 350 ਰੁਪਏ

ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਵਾਲੇ ਸੈਕਟਰ-35 ਸਥਿਤ ਪੰਜ ਤਾਰਾ ਹੋਟਲ ਜੇਡਬਲਿਊ ਮੈਰੀਅਟ ਨੂੰ 5 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ ਸੀ। ਇਸ ਦੇ ਬਾਵਜੂਦ ਹੋਟਲ ਵਾਲਿਆਂ ਨੇ ਕੋਈ ਸਬਕ ਨਹੀਂ ਲਿਆ ਹੈ। ਹੁਣ ਇਕ ਗਾਹਕ ਤੋਂ ਦੋ ਨਿੰਬੂ ਬਦਲੇ 350 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਚੰਡੀਗੜ੍ਹ ਵਾਸੀ ਨੀਤੀ ਸਿੱਧੂ ਨਾਲ ਵਾਪਰਿਆ ਹੈ। ਨੀਤੀ ਨੇ ਆਪਣੇ ਫ਼ੇਸਬੁਕ ‘ਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਟਲ ਵੱਲੋਂ ਦਿੱਤੇ ਬਿਲ ਦੀ ਕਾਪੀ ਅਤੇ ਦੋਵੇਂ ਨਿੰਬੂਆਂ ਦੀ ਫ਼ੋਟੋ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਕਿ ਰਾਹੁਲ ਬੋਸ ਇਕੱਲਾ ਨਹੀਂ ਹੈ, ਜਿਸ ਤੋਂ ਵੱਧ ਪੈਸੇ ਵਸੂਲੇ ਗਏ ਹਨ। ਮੈਂ ਬੀਤੇ ਮੰਗਲਵਾਰ ਰਾਤ ਹੋਟਲ ‘ਚ ਰੁਕੀ ਸੀ। ਅਗਲੀ ਸਵੇਰ ਮੈਂ ਹੋਟਲ ਸਟਾਫ਼ ਤੋਂ ਗਰਮ ਪਾਣੀ ਅਤੇ ਨਿੰਬੂ ਮੰਗਵਾਇਆ। ਇਸ ਦੇ ਨਾਲ ਬਿਲ ਵੀ ਭੇਜਿਆ ਗਿਆ ਸੀ, ਜਿਸ ਨੂੰ ਵੇਖ ਮੈਂ ਹੈਰਾਨ ਰਹਿ ਗਈ। ਇਸ ਦਾ ਬਿਲ 343.50 ਰੁਪਏ ਸੀ। ਜ਼ਿਕਰਯੋਗ ਹੈ ਕਿ ਰਾਹੁਲ ਬੋਸ ਵੀ ਮਹੀਨਾ ਪਹਿਲਾਂ ਚੰਡੀਗੜ੍ਹ ਦੇ ਇਸੇ ਹੋਟਲ ‘ਚ ਰੁਕੇ ਸਨ। ਉਨ੍ਹਾਂ ਦੋ ਕੇਲੇ ਆਰਡਰ ਕੀਤੇ ਸਨ ਅਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ ਸੀ। ਇਸ ਪਿੱਛੋਂ ਉਨ੍ਹਾਂ ਟਵੀਟ ਕਰ ਵੀਡੀਓ ਸ਼ੇਅਰ ਕੀਤੀ। ਕੁਝ ਲੋਕਾਂ ਨੇ ਬੋਸ ਦੇ ਹੱਕ ਤੇ ਕੁਝ ਨੇ ਉਸ ਦੇ ਵਿਰੋਧ ਵਿਚ ਟਿੱਪਣੀਆਂ ਕੀਤੀਆਂ ਸੀ।