ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਕਾਰਕੁੰਨਾ ਨੂੰ ਹੜ੍ਹ-ਪੀੜਤਾਂ ਦੀ ਮੱਦਦ ਕਰਨ ਦੀ ਅਪੀਲ

ਫਿਰੋਜ਼ਪੁਰ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਸਾਰੇ ਹੜ੍ਹ-ਪੀੜਤਾਂ ਦੀ ਮੱਦਦ ਕਰਨ। ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਪ੍ਰਸਾਸ਼ਨ ਨੂੰ ਹੜ੍ਹ-ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਨਿਰਦੇਸ਼ ਜਾਰੀ ਕਰਨ। ਫਿਰੋਜ਼ਪੁਰ ਦੇ ਦਿਹਾਤੀ ਹਲਕੇ ਅੰਦਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਯੂਥ ਅਕਾਲੀ ਦਲ ਨੇ ਨਵਾਂ ਸ਼ਹਿਰ ਅਤੇ ਰੋਪੜ ਦੇ ਪਿੰਡਾਂ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਹੜ੍ਹ ਪੀੜਤਾਂ ਦੀ ਮੱਦਦ ਲਈ ਵਧ ਚੜ੍ਹ ਕੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਸਾਰੇ ਅਕਾਲੀ ਕਾਰਕੁੰਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੜ੍ਹਾਂ ਦਾ ਸ਼ਿਕਾਰ ਹੋਏ ਸਾਡੇ ਭੈਣਾਂ-ਭਰਾਵਾਂ ਦੀ ਮੱਦਦ ਲਈ ਅੱਗੇ ਆਉਣ ਅਤੇ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ 2022 ਵਿਚ ਅਕਾਲੀ-ਭਾਜਪਾ ਸਰਕਾਰ ਦੁਬਾਰਾ ਸੱਤਾ ਵਿਚ ਆ ਗਈ ਤਾਂ ਉਹ ਫਿਰੋਜ਼ਪੁਰ ਦਾ ਬਠਿੰਡਾ ਵਾਂਗ ਵਿਕਾਸ ਕਰਨਗੇ।ਉਹਨਾਂ ਕਿਹਾ ਕਿ ਬਤੌਰ ਸੰਸਦ ਮੈਂਬਰ ਵੀ ਉਹ ਇਸ ਜ਼ਿਲ੍ਹੇ ਵਿਚ ਵਧੀਆ ਰੇਲ ਆਵਜਾਈ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਯੂਨਿਟ ਲਗਵਾਉਣ ਤਕ ਬਹੁਤ ਸਾਰੇ ਕਾਰਜ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਹਾਲ ਹੀ ਵਿਚ ਕੇਂਦਰੀ  ਸਿਹਤ ਮੰਤਰੀ ਨੂੰ ਮਿਲ ਕੇ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਇਟ ਕੇਂਦਰ ਦਾ ਜਲਦੀ ਉਦਘਾਟਨ ਕਰਨ ਦੀ ਵੀ ਬੇਨਤੀ ਕੀਤੀ ਹੈ, ਜਿਹਨਾਂ ਤੋਂ ਜਲਦੀ ਸਮਾਂ ਮਿਲ ਜਾਵੇਗਾ। ਅਕਾਲੀ ਦਲ ਪ੍ਰਧਾਨ ਨੇ ਹਰ ਪਰਿਵਾਰ ਨੂੰ ਸਾਲਾਨਾ 5 ਲੱਖ ਰੁਪਏ ਤਕ ਦਾ ਇਲਾਜ ਕਰਵਾਉਣ ਦੀ ਸਹੂਲਤ ਦੇਣ ਵਾਲੀ ਕੇਂਦਰ ਸਰਕਾਰ ਦੀ ਆਯੂਸ਼ਮਨ ਭਾਰਤ ਮੈਡੀਕਲ ਬੀਮਾ ਸਕੀਮ ਨੂੰ ਇੱਕ ਸਾਲ ਤੋਂ ਵੱਧ ਸਮੇਂ ਤਕ ਲਾਗੂ ਨਾ ਕਰਕੇ ਗਰੀਬ ਤਬਕਿਆਂ ਦੀ ਅਣਦੇਖੀ ਕਰਨ  ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਟਕਾਰਿਆ। ਉਹਨਾਂ ਕਿਹਾ ਕਿ ਇਹ ਸਿਰਫ ਸਿਆਸੀ ਕਾਰਣਾਂ ਕਰਕੇ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਸਕੀਮ ਦਾ ਸਿਹਰਾ ਲੈਣ ਲਈ ਇਸ ਦਾ ਨਾਂ ਬਦਲ ਕੇ ਸਰਬੱਤ ਸਿਹਤ ਬੀਮਾ ਯੋਜਨਾ ਰੱਖ ਦਿੱਤਾ ਹੈ। ਜਦਕਿ ਸੱਚਾਈ ਹੈ ਕਿ ਇਸ ਸਕੀਮ ਵਾਸਤੇ 60 ਫੀਸਦੀ ਰਾਸ਼ੀ ਕੇਂਦਰ ਸਰਕਾਰ ਨੇ ਦਿੱਤੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਨਿਰਦੋਸ਼ ਜਾਨਾਂ ਨੂੰ ਬਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੈਡੀਕਲ ਬੀਮਾ ਸਕੀਮ ਨੂੰ ਇੱਕ ਸਾਲ ਬਾਅਦ ਉਸ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਨਮ ਵਰ੍ਹੇ ਗੰਢ ਉੱਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਹੱਥ ਦਿੱਲੀ ਵਿਚ ਬੇਗੁਨਾਹ ਸਿੱਖਾਂ ਦੇ ਖੂਨ ਨਾਲ ਲਿਬੜੇ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਦੀ ਇਸ ਹਰਕਤ ਅਤੇ ਕੇਂਦਰੀ ਸਕੀਮਾਂ ਉੱਤੇ ਸਿਆਸਤ ਕਰਨ ਦੀ ਕਾਰਵਾਈ ਦੀ ਨਿੰਦਾ ਕਰਦੇ ਹਾਂ। ਇਸ ਮੌਕੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਜਿੰਦੂ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਿੰਨਾ, ਸ਼ਿਵ ਤਿਰਪਾਲ ਕੇ,   ਸਾਬਕਾ ਚੇਅਰਮੈਨ ਰਣਜੀਤ ਸਿੰਘ, ਭਗਵਾਨ ਸਿੰਘ ਨੰਬਰਦਾਰ, ਅਸ਼ਵਨੀ ਢੀਂਗਰਾ, ਸੁਰਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਫੋਰਮੈਨ ਤੋ ਇਲਾਵਾ ਵੱਡੀ ਗਿਣਤੀ ਵਿਚ  ਅਕਾਲੀ ਭਾਜਪਾ ਵਰਕਰ ਹਾਜ਼ਿਰ ਸਨ।

About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.