
ਦਿੱਲੀ ਦੇ ਤੁਗ਼ਲਕਾਬਾਦ ਵਿਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਸਿੱਖ ਸੰਗਠਨ ਦਲ ਖ਼ਾਲਸਾ, ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਧਾਰਮਿਕ ਆਗੂਆਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਇਸ ਮਾਰਚ ਵਿਚ ਜਿੱਥੇ ਸਿੱਖ ਸੰਗਠਨ ਅਤੇ ਦਲਿਤ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਗਟਾ ਰਹੇ ਆਗੂਆਂ ਨੇ 6 ਸਤੰਬਰ ਨੂੰ ਦੋਆਬਾ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸੱਦੇ ਦੀ ਹਮਾਇਤ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਪੰਥਕ ਸੰਗਠਨਾਂ ਨੇ ਵੀ ਕੀਤੀ ਹੈ। ਰੋਸ ਮਾਰਚ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰ ਰਹੇ ਸਨ।
ਇਸ ਰੋਸ ਮਾਰਚ ਤੋਂ ਪਹਿਲਾਂ ਇਨ੍ਹਾਂ ਸੰਗਠਨਾਂ ਨੇ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਚ ਇਕੱਠ ਕਰ ਕੇ ਰਵਿਦਾਸ ਭਾਈਚਾਰੇ ਨਾਲ ਸਾਂਝ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਰੋਸ ਮਾਰਚ ਗੁਰੂ ਤੇਗ਼ ਬਹਾਦਰ ਨਗਰ ਤੋਂ ਸ਼ੁਰੂ ਹੋ ਕੇ ਮਾਡਲ ਟਾਊਨ, ਗੁਰੂ ਰਾਮਦਾਸ ਚੌਕ ਤੋਂ ਹੁੰਦਾ ਹੋਇਆ ਨਕੋਦਰ ਰੋਡ ’ਤੇ ਗੁਰੂ ਰਵਿਦਾਸ ਚੌਕ ਤੱਕ ਕੱਢਿਆ ਗਿਆ। ਸਿੱਖ ਜਥੇਬੰਦੀਆਂ ਦੇ ਆਗੂ ਮੰਦਰ ਉਸੇ ਇਤਿਹਾਸਕ ਸਥਾਨ ’ਤੇ ਉਸਾਰਨ ਦੀ ਮੰਗ ਕਰ ਰਹੇ ਸਨ। ਕਈ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖ, ਦੱਬੇ-ਕੁਚਲੇ ਲੋਕਾਂ ਅਤੇ ਭਾਈਚਾਰਿਆਂ ਨਾਲ ਚੱਟਾਨ ਵਾਂਗ ਖੜ੍ਹੇ ਹਨ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾ ਦੇ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਭਾਰਤ ਮੁਕਤੀ ਮੋਰਚਾ ਦੇ ਪ੍ਰਧਾਨ ਰਾਜਿੰਦਰ ਰਾਣਾ, ਜਸਕਰਨ ਸਿੰਘ, ਪੋਫ਼ੈਸਰ ਮੁਹਿੰਦਰ ਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਸੱਦੇ ਅਤੇ ਬਹੁਜਨ ਫਰੰਟ ਪੰਜਾਬ ਦੇ ਸਹਿਯੋਗ ਨਾਲ ਦੋ ਦਿਨਾਂ ਤੋਂ ਭੁੱਖ ਹੜਤਾਲ ਜਾਰੀ ਹੈ। ਅੱਜ 25 ਦੇ ਕਰੀਬ ਕਾਰਕੁਨ ਭੁੱਖ ਹੜਤਾਲ ’ਤੇ ਬੈਠੇ। ਫਰੰਟ ਦੇ ਇੰਚਾਰਜ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਇਹ ਭੁੱਖ ਹੜਤਾਲ 7 ਸਤੰਬਰ ਤੱਕ ਚੱਲੇਗੀ ਤੇ ਭਲਕੇ 4 ਸਤੰਬਰ ਨੂੰ 50 ਦੇ ਕਰੀਬ ਕਾਰਕੁਨ ਭੁੱਖ ਹੜਤਾਲ ’ਤੇ ਬੈਠਣਗੇ।
Leave a Reply