ਡਾ. ਓਬਰਾਏ ਵੱਲੋਂ ਸੁਲਤਾਨਪੁਰ ਲੋਧੀ ‘ਚ ਹੋਵੇਗਾ ਨਿਵੇਕਲਾ ਜੋੜਾ ਘਰ ਤਿਆਰ

ਅੰਮ੍ਰਿਤਸਰ,12 ਅਕਤੂਬਰ ( ਸੰਦੀਪ )- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਖਰੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਦੇ ਸਹਿਯੋਗ ਇੱਕ ਨਿਵੇਕਲਾ ਜੋੜਾ ਘਰ ਤਿਅਾਰ ਕੀਤਾ ਜਾ ਰਿਹਾ ਹੈ। ਜਿਸ ‘ਚ ਦਰਸ਼ਨ ਕਰਨ ਅਾਉਣ ਵਾਲੀਅਾਂ ਸੰਗਤਾਂ ਲਈ 2.5 ਲੱਖ ਹਵਾਈ ਚੱਪਲਾਂ ਦੇ ਜੋੜਿਅਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਆਉਣ ਵਾਲੀਆਂ ਸੰਗਤਾਂ ਦੀ ਸੁਰੱਖਿਆ ਦੇ ਪ੍ਰਬੰਧ ਲਈ ਵਿਸ਼ੇਸ਼ ਤੌਰ ਤੇ ਤਾਇਨਾਤ ਆਈ.ਜੀ. ਨੌਨਿਹਾਲ ਸਿੰਘ ਵੱਲੋਂ ਡਾ. ਓਬਰਾਏ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਬਣਾਏ ਜਾ ਰਹੇ ਇਸ ਵਿਸ਼ੇਸ਼ ਜੋੜਾ ਘਰ ਅੰਦਰ ਵੱਖ-ਵੱਖ ਅਕਾਰ ਦੀਆਂ 2.5 ਲੱਖ ਜੋੜਾ ਮਿਅਾਰੀ ਕਿਸਮ ਦੀਅਾਂ ਹਵਾਈ ਚੱਪਲਾਂ ਦਾ ਰੱਖਿਅਾ ਜਾਵੇਗਾ ,ਜਿਸ ਵਿਚ ਮਰਦਾਂ,ਔਰਤਾਂ ਤੇ ਬੱਚਿਆਂ ਲਈ ਚੱਪਲਾਂ ਦੇ ਵੱਖ- ਵੱਖ ਰੰਗ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ 2 ਲੱਖ ਜੋੜਾ ਰੱਖਿਆ ਜਾਵੇਗਾ ਜਦ ਕਿ ਸ਼ਹਿਰ ਅੰਦਰ ਮੌਜੂਦ ਬਾਕੀ ਗੁਰਦੁਆਰਿਆਂ ਅੰਦਰ 2000 ਤੋਂ ਲੈ ਕੇ 5000 ਤੱਕ ਚੱਪਲਾਂ ਦੇ ਜੋੜੇ ਰੱਖਣ ਦਾ ਫ਼ੈਸਲਾ ਹੋਇਅਾ ਹੈ। ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਦੇ ਇਸ ਵਿਸ਼ੇਸ਼ ਤੇ ਨਿਵੇਕਲੇ ਉਪਰਾਲੇ ਸਦਕਾ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਆ ਰਹੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਇਸ ਨਾਲ ਸੰਗਤਾਂ ਨੂੰ ਵਾਰ-ਵਾਰ ਆਪਣੇ ਜੋੜੇ ਜਮ੍ਹਾਂ ਕਰਵਾਉਣ ਜਾਂ ਵਾਪਸ ਲੈਣ ਦੀ ਲੋੜ ਨਹੀਂ ਪਵੇਗੀ। ਸਮਾਗਮਾਂ ਦੌਰਾਨ ਪਹੁੰਚਣ ਵਾਲੀ ਸੰਗਤ ਪ੍ਰਸ਼ਾਸਨ ਵੱਲੋਂ ਬਾਹਰ ਵਾਰ ਤਿਆਰ ਕੀਤੇ ਗਏ ਵੱਡੇ ਜੋੜਾ ਘਰ ਅੰਦਰ ਆਪਣਾ ਨਿੱਜੀ ਜੋੜਾ ਇੱਕ ਵਾਰ ਜਮ੍ਹਾਂ ਕਰਵਾ ਕੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਉੱਥੇ ਰੱਖੇ ਜੋੜੇ ਬਿਨਾਂ ਕਿਸੇ ਪਰਚੀ ਤੋਂ ਲੈ ਕੇ ਸ਼ਹਿਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਜਾ ਸਕਦੇ ਹਨ, ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਜੋੜਾ ਬਦਲ ਵੀ ਸਕਦੇ ਹਨ ਅਤੇ ਵਾਪਸੀ ਸਮੇਂ ਮੁੱਖ ਜੋੜਾ ਘਰ ਤੋਂ ਅਾਪਣਾ ਜੋੜਾ ਪ੍ਰਾਪਤ ਕਰ ਸਕਦੇ ਹਨ। ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਇਸ ਸਹੂਲਤ ਨਾਲ ਜਿੱਥੇ ਸਮੇਂ ਦੀ ਬਹੁਤ ਬਚਤ ਹੋਵੇਗੀ ਉੱਥੇ ਹੀ ਸੰਗਤ ਦਾ ਬੇਲੋੜੀ ਖ਼ੱਜਲ ਖ਼ੁਆਰੀ ਤੋਂ ਵੀ ਬਚਾ ਹੋਵੇਗਾ। ਡਾ. ਓਬਰਾਏ ਵੱਲੋਂ ਖ੍ਰੀਦੇ ਗਏ ਜੋੜਿਅਾਂ ਤੇ ਉਨ੍ਹਾਂ ਦਾ 70 ਲੱਖ ਰੁਪਏ ਤੋਂ ਵੱਧ ਖਰਚਾ ਅਾਇਅਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ.ਓਬਰਾਏ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੋਲ੍ਹੀਆਂ ਜਾ ਰਹੀਆਂ 50 ਮਿਆਰੀ ਤੇ ਕਿਫ਼ਾਇਤੀ ਕਲੀਨੀਕਲ ਲੈਬਾਰਟਰੀਆਂ ਤੇ ਡਾਇਗਨੋਜ਼ ਸੈਂਟਰਾਂ ਦੀ ਲੜੀ ਤਹਿਤ ਗੁਰਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਹਿਲੀ ਲੈਬਾਰਟਰੀ ਦੀ ਸੇਵਾ ਗੁਰਦੁਆਰਾ ਹੱਟ ਸਾਹਿਬ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਜਦ ਕਿ ਟਰੱਸਟ ਵੱਲੋਂ ਅਪਣੇ ਪੱਧਰ ਤੇ ਪਹਿਲਾਂ ਹੀ ਚਲਾਈਅਾਂ ਜਾ ਰਹੀਆਂ 10 ਲੈਬਾਰਟਰੀਅਾਂ ‘ਚੋ ਟੈਸਟ ਕਰਵਾ ਕੇ ਹਜ਼ਾਰਾਂ ਹੀ ਲੋਕ ਫ਼ਾਇਦਾ ਉਠਾ ਰਹੇ ਹਨ ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਸਵਾਰਥ ਦੇ ਅਰਬ ਦੇਸ਼ਾਂ ਅੰਦਰ ਫਸੇ ਨੌਜਵਾਨਾਂ ਨੂੰ ਫਾਂਸੀ ਤੋਂ ਬਚਾਉਣ,ਵਿਦੇਸ਼ਾਂ ਅੰਦਰ ਕਿਸੇ ਕਾਰਨ ਮਰ ਜਾਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਵਾਰਸਾਂ ਤੱਕ ਵਤਨ ਪਹੁੰਚਾਉਣ ਤੋਂ ਇਲਾਵਾ ਪੰਜਾਬ ਸਮੇਤ ਹੋਰਨਾਂ ਸੂਬਿਆਂ ਅੰਦਰ ਲੋੜਵੰਦ ਲੋਕਾਂ ਦੀ ਸਿਹਤ,ਸਿੱਖਿਆ ਦੀ ਬਿਹਤਰੀ ਤੋਂ ਇਲਾਵਾ ਸਮਾਜ ਦੇ ਹਰੇਕ ਖੇਤਰ ‘ਚ ਵੱਡੇ ਪੱਧਰ ਤੇ ਸੇਵਾ ਦੇ ਕਾਰਜ ਕਰਨ ਵਾਲੇ ਡਾ.ਅੈੱਸ.ਪੀ.ਸਿੰਘ ਓਬਰਾਏ ਵੱਲੋਂ ਸਥਾਪਿਤ ਕੀਤਾ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਨੀਆਂ ਦਾ ਇੱਕ ਵਾਅਦ ਅਜਿਹਾ ਟਰੱਸਟ ਹੈ,ਜਿਸ ਵੱਲੋਂ ਇੱਕ ਵੀ ਪੈਸਾ ਦਾਨ ਵਜੋਂ ਇਕੱਠਾ ਨਹੀਂ ਕੀਤਾ ਜਾਂਦਾ।ਇਸ ਟਰੱਸਟ ਵੱਲੋਂ ਖਰਚਿਆ ਜਾਂਦਾ ਸਾਰਾ ਹੀ ਪੈਸਾ ਡਾ.ਐੱਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ‘ਚੋਂ ਖਰਚ ਕਰਦੇ ਹਨ ਅਤੇ ਟਰੱਸਟ ਦਾ ਸਾਲਾਨਾ ਬਜਟ ਕਰੋੜਾਂ ਵਿੱਚ ਹੁੰਦਾ ਹੈ ।

Be the first to comment

Leave a Reply

Your email address will not be published.


*