ਨਿਊਜ਼ੀਲੈਂਡ ਦੇ ‘ਵਾਈਟ ਆਈਲੈਂਡ’ ਅੰਦਰ ਜਵਾਲਾਮੁਖੀ ਫਟਿਆ-5 ਸੈਲਾਨੀਆਂ ਦੀ ਮੌਤ ਦਰਜਨਾਂ ਫੱਟੜ

ਔਕਲੈਂਡ ਅੱਜ ਬਾਅਦ ਦੁਪਹਿਰ 2 ਵੱਜ ਕੇ 11 ਮਿੰਟ ਉਤੇ ਨਿਊਜ਼ੀਲੈਂਡ ਦੇ ‘ਵਾਈਟ ਆਈਲੈਂਡ’ ਅੰਦਰ ਇਕ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਪੰਜ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਜਵਾਲਾਮੁਖੀ ਦੇ ਵਿਚੋਂ ਸਦੀਆਂ ਤੋਂ ਧੂੰਆਂ ਨਿਕਲਦਾ ਸੀ ਅਤੇ ਬੜੀ ਸਾਵਧਾਨੀ ਦੇ ਨਾਲ ਇਥੇ ਲੋਕ ਵੇਖਣ ਜਾਂਦੇ ਸਨ। 23 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਈ ਹੈਲੀਕਾਪਟਰ ਅਤੇ ਬਚਾਅ ਦੱਲ ਦੇ ਕਰਮਚਾਰੀ ਇਸ ਟਾਪੂ ‘ਤੇ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਆਪ੍ਰੇਸ਼ਨ ਦੇ ਵਿਚ ਹਨ। ਜਵਾਲਾਮੁਖੀ ਫਟਣ ਕਾਰਨ ਇਕ ਹੈਲੀਕਾਪਟਰ ਵੀ ਉਥੇ ਫਸ ਗਿਆ ਹੈ। ਉਚੀ ਉਡੀ ਸੁਆਹ ਨੇ ਸਾਰੇ ਪਾਸੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ ਹੈ।
ਵਰਨਣਯੋਗ ਹੈ ਕਿ ਇਹ ਟਾਪੂ ਔਕਲੈਂਡ ਤੋਂ 227 ਕਿਲੋਮੀਟਰ ਦੀ ਦੂਰੀ ਤੋਂ ਸ਼ਹਿਰ ਫਾਕਾਰਾਈ ਤੋਂ ਅੱਗੇ ਕਿਸ਼ਤੀ ਜਾਂ ਜਹਾਜ਼ ਵਿਚ ਜਾਣਾ ਪੈਂਦਾ ਹੈ। ਸੈਲਾਨੀਆਂ ਦੇ ਲਈ ਇਹ ਵੱਡੱ ਖਿੱਚ ਦਾ ਕੇਂਦਰ ਹੈ। ਸਮੁੰਦਰ ਦੇ ਵਿਚ ਇਸ ਕੋਨ ਨੁਮਾ ਟਾਪੂ ਦੇ ਅੰਦਰ 1 ਲੱਖ 50 ਹਜ਼ਾਰ ਸਾਲ ਤੋਂ ਵੀ ਪਹਿਲਾਂ ਅਜਿਹਾ ਜਵਾਲਾਮੁਖੀ ਕ੍ਰਿਆਸ਼ੀਲ ਹੈ। ਸਮੁੰਦਰ ਦੇ ਪੈਰਾਂ ਦੇ ਵਿਚੋਂ ਨਿਕਲਦਾ ਚਿੱਟੇ ਰੰਗ ਦਾ ਧੂੰਆ ਅਤੇ ਚਿੱਟਾ ਪੱਥਰ ਇਸ ਨੂੰ ਵਾਈਟ ਆਈਲੈਂਡ ਕਹਾਉਂਦਾ ਹੈ। ਭੂਗੋਲਿਕ ਖੋਜੀ ਜੇਮਜ ਕੁੱਕ ਨੇ ਇਸਨੂੰ 1769 ਦੇ ਵਿਚ ਪਹਿਲੀ ਵਾਰ ਵੇਖਿਆ ਸੀ। ਇਹ ਟਾਪੂ ਲਗਪਗ 2 ਕਿਲੋਮੀਟਰ ਗੋਲਾਕਾਰ ਹੈ ਅਤੇ ਇਸਦੀ ਉਚਾਈ ਸਮੁੰਦਰੀ ਤਲ ਤੋਂ 321 ਮੀਟਰ (1053 ਫੁੱਟ) ਹੈ। ਲਗਪਗ 800 ਖੇਤਰਾਂ ਦੇ ਵਿਚ ਫੈਲਿਆ ਇਹ ਟਾਪੂ ਜਵਾਲਾਮੁਖੀ ਕਰਕੇ ਬਹੁਤ ਪ੍ਰਸਿੱਧ ਹੈ। 1914 ਤੱਕ ਇਥੇ ਸਲਫਰ ਕੱਢਿਆ ਜਾਂਦਾ ਸੀ ਪਰ ਇਕ ਦੁਰਘਟਨਾ ਜਿਸ ਦੇ ਵਿਚ ਸਾਰੇ ਕਾਮੇ ਮਾਰੇ ਗਏ, ਤੋਂ ਬਾਅਦ ਸਲਫਰ ਕੱਢਣਾ ਬੰਦ ਕਰ ਦਿੱਤਾ ਗਿਆ ਸੀ।

About Sanjhi Soch 472 Articles
Sanjhi Soch gives you daily dose of Genuine news. Sanjhi soch is an worldwide newspaper trusted by millions.