ਪਿਆਜ਼ ਤੇ ਲੱਸਣ ਤੋਂ ਬਾਅਦ ਹੁਣ ਖ਼ੁਰਾਕੀ ਤੇਲ ਵੀ ਹੋਇਆ ਮਹਿੰਗਾ

ਪਿਆਜ਼ ਤੇ ਲੱਸਣ ਦੇ ਨਾਲ–ਨਾਲ ਖ਼ੁਰਾਕੀ ਤੇਲ ਨੂੰ ਵੀ ਹੁਣ ਮਹਿੰਗਾਈ ਦਾ ਤੜਕਾ ਲੱਗ ਗਿਆ ਹੈ। ਦਰਾਮਦ ਮਹਿੰਗੀ ਹੋਣ ਕਾਰਨ ਖਾਣ ਵਾਲੇ ਸਾਰੇ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਖਪਤਕਾਰਾਂ ਨੂੰ ਤੇਲ ਹੋਰ ਵੀ ਮਹਿੰਗਾ ਮਿਲ ਸਕਦਾ ਹੈ। ਦਰਅਸਲ, ਖ਼ੁਰਾਕੀ ਤੇਲ ਨੂੰ ਇਸ ਮਹਿੰਗਾਈ ਤੋਂ ਰਾਹਤ ਦੇ ਕੋਈ ਆਸਾਰ ਵਿਖਾਈ ਨਹੀਂ ਦੇ ਰਹੇ।

 

 

ਖਜੂਰ ਦੇ ਤੇਲ ਦੀ ਕੀਮਤ ਵਿੱਚ ਬੀਤੇ ਦੋ ਮਹੀਨਿਆਂ ਦੌਰਾਨ 35 ਫ਼ੀ ਸਦੀ ਤੋਂ ਵੱਧ ਦੀ ਤੇਜ਼ੀ ਆਈ ਹੈ। ਦੇਸ਼ ਦੇ ਬਾਜ਼ਾਰਾਂ ਵਿੱਚ ਖਜੂਰ ਦਾ ਤੇਲ (ਪਾਮ ਆਇਲ) ਲਗਭਗ 20 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਗਿਆ ਹੈ। ਪਾਮ ਤੇਲ ‘ਚ ਆਈ ਤੇਜ਼ੀ ਨਾਲ ਹੋਰ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

 

 

ਤੇਲ ਬੀਜ ਬਾਜ਼ਾਰ ਦੇ ਮਾਹਿਰ ਸਲੀਲ ਜੈਨ ਨੇ IANS ਨਾਲ ਗੱਲਬਾਤ ਦੌਰਾਨ ਆਖਿਆ ਕਿ ਬੀਤੇ ਦੋ ਮਹੀਨਿਆਂ ਤੋਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਪਾਮ ਆਇਲ ਦੀ ਸਪੋਰਟ ਮਿਲ ਰਹੀ ਹੈ। ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਪਾਮ ਆਇਲ ਦੀ ਦਰਾਮਦ ਲਗਾਤਾਰ ਮਹਿੰਗੀ ਹੋਣ ਨਾਲ ਖ਼ੁਰਾਕ ਤੇਲਾਂ ਦੀ ਮਹਿੰਗਾਈ ਅਗਲੇ ਕੁਝ ਦਿਨਾਂ ‘ਚ ਹੋਰ ਵੀ ਵਧ ਸਕਦੀ ਹੈ। ਟੀਵੀ ਚੈਨਲ ‘ਨਿਊਜ਼ ਨੇਸ਼ਨ’ ਤੇ ‘ਨਿਊਜ਼ ਸਟੇਟ’ ਨੇ ਇਸ ਰਿਪੋਰਟ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।

 

 

ਖ਼ੁਰਾਕੀ ਤੇਲ ਉਦਯੋਗ ਸੰਗਠਨ ਸਾਲਵੈਂਟ ਐਕਸਟ੍ਰੈਕਟਸ ਐਸੋਸੀਏਸ਼ਨ ਆੱਫ਼ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਡਾ. ਬੀ.ਵੀ. ਮਹਿਤਾ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਦਰਾਮਦ (ਇੰਪੋਰਟ) ਮਹਿੰਗਾ ਹੋਣ ਕਾਰਨ ਅੱਜ ਭਾਰਤ ‘ਚ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ ਪਰ ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਤੇਲ–ਬੀਜਾਂ ਦੀ ਉੱਚੀ ਕੀਮਤ ਮਿਲ ਰਹੀ ਹੈ ਤੇ ਉਹ ਇਨ੍ਹਾਂ ਬੀਜਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਹੋਣਗੇ।

 

 

ਉਨ੍ਹਾਂ ਕਿਹਾ ਕਿ ਜੇ ਭਾਰਤ ਨੇ ਖ਼ੁਰਾਕੀ ਤੇਲ ਦੇ ਮਾਮਲੇ ਵਿੱਚ ਆਤਮ–ਨਿਰਭਰ ਬਣਨਾ ਹੈ, ਤਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਹੀ ਪਵੇਗਾ, ਜੋ ਉਨ੍ਹਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਬਿਹਤਰ ਤੇ ਲਾਹੇਵੰਦ ਕੀਮਤ ਦਿਵਾ ਕੇ ਕੀਤਾ ਜਾ ਸਕਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖ਼ੁਰਾਕੀ ਤੇਲ ਦਰਾਮਦਕਾਰ ਹੈ, ਜੋ ਖ਼ੁਰਾਕੀ ਤੇਲ ਦੀਆਂ ਆਪਣੀਆਂ ਜ਼ਰੂਰਤਾਂ ਦੇ ਜ਼ਿਆਦਾਤਰ ਹਿੱਸੇ ਦੀ ਸਪਲਾਈ ਦਰਾਮਦ ਰਾਹੀਂ ਕਰਦਾ ਹੈ। ਇਸ ਵਰ੍ਹੇ ਵਰਖਾ ਕਾਰਨ ਖ਼ਰੀਫ਼ ਸੀਜ਼ਨ ਵਿੱਚ ਸੋਇਆਬੀਨ ਦੀ ਫ਼ਸਲ ਕਮਜ਼ੋਰ ਰਹਿਣ ਤੇ ਰੱਬੀ ਦੇ ਮੌਸਮ ਦੌਰਾਨ ਤੇਲ–ਬੀਜਾਂ ਦੀ ਬਿਜਾਈ ਸੁਸਤ ਰਹਿਣ ਦੀ ਆਸ ਕੀਤੀ ਜਾ ਰਹੀ ਹੈ।

 

 

ਇੰਝ ਖ਼ੁਰਾਕੀ ਤੇਲਾਂ ਦੀ ਦਰਾਮਦ ਉੱਤੇ ਦੇਸ਼ ਦੀ ਨਿਰਭਰਤਾ ਹੋਰ ਵੀ ਵਧੇਗੀ।