ਆਸਟ੍ਰੇਲੀਆ-ਨਿਊਜ਼ੀਲੈਂਡ 32 ਸਾਲ ਬਾਅਦ ਬਾਕਸਿੰਗ ਡੇਅ ‘ਤੇ ਹੋਣਗੇ ਆਹਮੋ-ਸਾਹਮਣੇ

ਆਸਟ੍ਰੇਲੀਆ ਅਤੇ ਨਿਊਜ਼ੀਲੈਂਗ ਗੁਆਂਢੀ ਹਨ ਪਰ ਕ੍ਰਿਕਟ ਮੈਦਾਨ ‘ਤੇ ਇਹ ਦੋਵੇਂ ਦੇਸ਼ 32 ਸਾਲ ਬਾਅਦ ਬਾਕਸਿੰਗ ਡੇਅ ਟੈਸਟ ਮੈਚ ‘ਚ ਮੈਲਬਰਨ ਕ੍ਰਿਕਟ ਮੈਦਾਨ ‘ਤੇ ਇੱਕ-ਦੂਜੇ ਦੇ ਸਾਹਮਣਾ ਕਰਨਗੇ। ਇਨ੍ਹਾਂ ਦੋਹਾਂ ਟੀਮਾਂ ਵਿਚਕਾਰ ਦੂਜਾ ਟੈਸਟ ਮੈਚ ਵੀਰਵਾਰ ਤੋਂ ਇੱਥੇ ਸ਼ੁਰੂ ਹੋਵੇਗਾ, ਜਿਸ ‘ਚ ਨਿਊਜ਼ੀਲੈਂਡ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਆਸਟ੍ਰੇਲੀਆ ਨੇ ਪਹਿਲਾ ਟੈਸਟ ਮੈਚ 296 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ।
ਨਿਊਜ਼ੀਲੈਂਡ ਇਸ ਤੋਂ ਪਹਿਲਾਂ 26 ਦਸੰਬਰ ਮਤਲਬ ਬਾਕਸਿੰਗ ਡੇਅ ਮੌਕੇ ਮੈਲਬਰਨ ‘ਚ ਅੰਤਮ ਵਾਰ 1987 ‘ਚ ਖੇਡਿਆ ਸੀ। ਉਦੋਂ ਮੌਜੂਦਾ ਟੀਮ ‘ਤੇ ਸਿਰਫ 4 ਖਿਡਾਰੀਆਂ ਨੀਲ ਵੈਗਨਰ, ਰੋਸ ਟੇਲਰ, ਵੀ.ਜੇ. ਵਾਲਟਿੰਗ ਅਤੇ ਕੋਲਿਨ ਡੀ ਗਰੈਂਡਹੋਮ ਦਾ ਹੀ ਜਨਮ ਹੋਇਆ ਸੀ। ਤੇਜ਼ ਗੇਂਦਬਾਜ ਟਿਮ ਸਾਊਥੀ ਨੇ ਮੰਨਿਆ ਕਿ ਇਹ ਉਸ ਦੀ ਟੀਮ ਲਈ ਵਿਸ਼ੇਸ਼ ਮੌਕਾ ਹੈ। ਮੈਲਬਰਨ ਕ੍ਰਿਕਟ ਮੈਦਾਨ ‘ਤੇ ਮੈਚ ਦੇ ਪਹਿਲੇ ਦਿਨ ਲਗਭਗ 75 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।

ਨਿਊਜ਼ੀਲੈਂਡ ਨੇ ਮੈਚ ਲਈ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ ਸੱਟ ਠੀਕ ਤੋਂ ਬਾਅਦ ਵਾਪਸੀ ਕੀਤੀ ਹੈ, ਜਦਕਿ ਜੀਤ ਰਾਵਲ ਦੀ ਥਾਂ ਟਾਮ ਬਲੰਡੇਲ ਨੂੰ ਸ਼ਾਮਿਲ ਕੀਤਾ ਗਿਆ ਹੈ।
ਕੀ ਹੈ ਬਾਕਸਿੰਗ ਡੇਅ ਟੈਸਟ :
ਬਾਕਸਿੰਗ ਡੇਅ ਟੈਸਟ ਹਰ ਸਾਲ 26 ਤੋਂ 30 ਦਸੰਬਰ ਵਿਚਕਾਰ ਮੈਲਬਰਨ ਕ੍ਰਿਕਟ ਮੈਦਾਨ ‘ਤੇ ਜ਼ਰੂਰ ਖੇਡਿਆ ਜਾਂਦਾ ਹੈ। ਪਹਿਲਾ ਬਾਕਸਿੰਗ ਡੇਅ ਟੈਸਟ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ 1950 ‘ਚ ਖੇਡਿਆ ਗਿਆ ਸੀ। ਆਸਟ੍ਰੇਲੀਆ ਨੇ ਇਹ ਮੈਚ 25 ਦੌੜਾਂ ਨਾਲ ਜਿੱਤਿਆ ਸੀ। ਸਾਲ 1953 ਅਤੇ 1967 ਵਿਚਕਾਰ ਮੈਲਬਰਨ ‘ਚ ਬਾਕਸਿੰਗ ਡੇਅ ਟੈਸਟ ਮੈਚ ਨਹੀਂ ਖੇਡਿਆ ਗਿਆ। 1974-75 ਤੋਂ ਆਧੁਨਿਕ ਬਾਕਸਿੰਗ ਡੇਅ ਟੈਸਟ ਪਰੰਪਰਾ ਦੀ ਸ਼ੁਰੂਆਤ ਹੋਈ। ਸਾਲ 1980 ‘ਚ ਮੈਲਬਰਨ ਕ੍ਰਿਕਟ ਗਰਾਊਂਡ ਨੇ ਬਾਕਸਿੰਗ ਡੇਅ ਟੈਸਟ ਦਾ ਅਧਿਕਾਰ ਪ੍ਰਾਪਤ ਕਰ ਲਿਆ।