ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ ‘ਤੇ ਚੱਲਣਾ ਪਏਗਾ :ਬਿਪਿਨ ਰਾਵਤ

ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ ‘ਤੇ ਚੱਲਣਾ ਪਏਗਾ :ਬਿਪਿਨ ਰਾਵਤ

ਨਵੀਂ ਦਿੱਲੀ : ਰਾਏਸੀਨਾ ਡਾਇਲਾਗ 2020 ‘ਚ ਭਾਰਤ ਦੇ ਚੀਫ਼ ਆਫ਼ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਅਜੇ ਖ਼ਤਮ ਨਹੀਂ ਹੋ ਰਹੀ। ਇਹ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ ‘ਤੇ ਚੱਲਣਾ ਪਏਗਾ ਅਤੇ ਭਾਰਤ ਨੂੰ ਅਮਰੀਕਾ ਦੀ ਤਰ੍ਹਾਂ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ।

ਜਨਰਲ ਰਾਵਤ ਨੇ ਕਿਹਾ, “ਸਾਨੂੰ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ। ਇਹ ਉਸੇ ਤਰ੍ਹਾਂ ਕੀਤਾ ਜਾ ਸਕਦਾ ਹੈ ਜਿਵੇਂ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਕੀਤਾ ਸੀ। ਜਦੋਂ ਤੱਕ ਅੱਤਵਾਦੀਆਂ ਨੂੰ ਵਿੱਤੀ ਮਦਦ ਮਿਲਣੀ ਬੰਦ ਨਹੀਂ ਹੋਵੇਗੀ, ਉਦੋਂ ਤਕ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ ‘ਚ ਚੇਤਾਵਨੀ ਦਿੱਤੀ।

ਸੀਡੀਐਸ ਬਿਪਿਨ ਰਾਵਤ ਨੇ ਕਿਹਾ ਕਿ ਜਦੋਂ ਤੱਕ ਅਸੀਂ ਅੱਤਵਾਦ ਨੂੰ ਜੜ੍ਹ ਤੋਂ ਖਤਮ ਨਹੀਂ ਕਰਾਂਗੇ, ਉਦੋਂ ਤਕ ਅਸੀ ਇਸ ਤੋਂ ਪ੍ਰੇਸ਼ਾਨ ਹੁੰਦੇ ਰਹਾਂਗੇ। ਉਨ੍ਹਾਂ ਕਿਹਾ, “ਜਦ ਤੱਕ ਅੱਤਵਾਦ ਨੂੰ ਸਪਾਂਸਰ ਕੀਤਾ ਜਾਵੇਗਾ, ਇਹ ਖਤਮ ਨਹੀਂ ਹੋ ਸਕਦਾ। ਅੱਤਵਾਦੀਆਂ ਦੀ ਫੰਡਿੰਗ ਨੂੰ ਰੋਕਣ ਦੀ ਜ਼ਰੂਰਤ ਹੈ ਤਾਂ ਹੀ ਅੱਤਵਾਦ ‘ਤੇ ਕਾਬੂ ਪਾਇਆ ਜਾ ਸਕੇਗਾ।”

ਬਿਪਿਨ ਰਾਵਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, “ਜਿਹੜਾ ਵੀ ਦੇਸ਼ ਅੱਤਵਾਦ ਨੂੰ ਸਪਾਂਸਰ ਕਰ ਰਿਹਾ ਹੈ, ਉਸ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ। ਐਫਏਟੀਐਫ ਅਜਿਹੇ ਦੇਸ਼ਾਂ ਨੂੰ ਕਾਲੀ ਸੂਚੀ ‘ਚ ਪਾ ਕੇ ਚੰਗਾ ਕੰਮ ਕਰ ਰਿਹਾ ਹੈ। ਸਿਆਸੀ ਤੌਰ ‘ਤੇ ਇਨ੍ਹਾਂ ਦੇਸ਼ਾਂ ਨੂੰ ਵੀ ਅਲੱਗ-ਥਲੱਗ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਸੀ.ਡੀ.ਐਸ. ਰਾਵਤ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ।